ਇੰਜੀਨੀਅਰਾਂ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਨੂੰ ਬਚਾਉਣ ਲਈ ਕੈਂਡਲ ਮਾਰਚ

Sunday, Dec 03, 2017 - 07:04 AM (IST)

ਇੰਜੀਨੀਅਰਾਂ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਨੂੰ ਬਚਾਉਣ ਲਈ ਕੈਂਡਲ ਮਾਰਚ

ਘਨੌਲੀ  (ਸ਼ਰਮਾ) - ਸੂਬਾ ਸਰਕਾਰ ਵੱਲੋਂ ਅਲਟਰਾ ਸੁਪਰ ਕ੍ਰਿਟੀਕਲ ਥਰਮਲ ਪਲਾਂਟ ਦੀ ਆੜ 'ਚ ਬਠਿੰਡਾ ਥਰਮਲ ਪਲਾਂਟ ਦੇ ਸਾਰੇ ਯੂਨਿਟਾਂ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 2 ਯੂਨਿਟਾਂ ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 2 ਯੂਨਿਟਾਂ ਨੂੰ ਬੰਦ ਕਰਨ ਸੰਬੰਧੀ ਬਣਾਈ ਗਈ ਯੋਜਨਾ ਦੇ ਵਿਰੋਧ 'ਚ ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਪ੍ਰਧਾਨ ਇੰਜੀਨੀਅਰ ਸੰਜੀਵ ਸੂਦ ਪਟਿਆਲਾ, ਸੀਨੀਅਰ ਉਪ ਪ੍ਰਧਾਨ ਇੰਜੀਨੀਅਰ ਹਰਜਿੰਦਰ ਬਾਂਸਲ, ਉਪ ਪ੍ਰਧਾਨ ਇੰਜੀਨੀਅਰ ਰਜਿੰਦਰ ਭਗਤ, ਸਕੱਤਰ ਤੇ ਵਿੱਤ ਸਕੱਤਰ ਇੰਜੀਨੀਅਰ ਜਤਿੰਦਰ ਗਰਗ ਤੇ ਪੈਟਰਨ ਇੰਜੀਨੀਅਰ ਪਦਮਜੀਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਇਸ ਸਮੇਂ ਸੰਬੋਧਨ ਕਰਦੇ ਹੋਏ ਸੂਬਾਈ ਪ੍ਰਧਾਨ ਇੰਜੀਨੀਅਰ ਸੰਜੀਵ ਸੂਦ ਨੇ ਕਿਹਾ ਕਿ ਸੂਬਾ ਸਰਕਾਰ 18 ਕਰੋੜ ਬਚਾਉਣ ਦੇ ਚੱਕਰ 'ਚ ਸਰਕਾਰੀ ਥਰਮਲ ਪਲਾਂਟਾਂ ਦੇ ਨਵੀਨੀਕਰਨ ਲਈ ਲੱਗੇ 750 ਕਰੋੜ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਪੈਟਰਨ ਇੰਜੀਨੀਅਰ ਪਦਮਜੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ 800 ਮੈਗਾਵਾਟ ਵਾਲੇ ਅਲਟਰਾ ਸੁਪਰ ਕ੍ਰਿਟੀਕਲ ਥਰਮਲ ਪਲਾਂਟ ਲਾਉਣ ਤੋਂ ਪਹਿਲਾਂ ਹੀ ਇਕ ਸਾਜ਼ਿਸ਼ ਤਹਿਤ ਚੱਲ ਰਹੇ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰ ਰਹੀ ਹੈ।
ਬਠਿੰਡਾ ਥਰਮਲ ਪਲਾਂਟ ਨੂੰ ਕੇਂਦਰੀ ਬਿਜਲੀ ਅਥਾਰਟੀ ਵੱਲੋਂ ਜਾਰੀ ਨਿਰਦੇਸ਼ਾਂ ਦਾ ਬਹਾਨਾ ਬਣਾ ਕੇ ਬੰਦ ਕੀਤਾ ਜਾ ਰਿਹਾ ਹੈ, ਜਦਕਿ ਸੀ. ਈ. ਏ. ਦੇ ਨਿਰਦੇਸ਼ਾਂ 'ਚ ਸਪੱਸ਼ਟ ਹੈ ਕਿ 100 ਮੈਗਾਵਾਟ ਤੋਂ ਘੱਟ ਨਾਨ-ਰੀ-ਹੀਟ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋਣੇ ਚਾਹੀਦੇ ਹਨ, ਜਦਕਿ ਬਠਿੰਡਾ ਥਰਮਲ ਪਲਾਂਟ ਰੀ-ਹੀਟ ਥਰਮਲ ਪਲਾਂਟ ਹੈ, ਇਸ ਲਈ ਉਕਤ ਥਰਮਲ ਪਲਾਂਟ ਕਿਸੇ ਵੀ ਸੂਰਤ 'ਚ ਬੰਦ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਰੂਪਨਗਰ ਥਰਮਲ ਪਲਾਂਟ ਦੇ ਵੀ ਸਾਰੇ ਯੂਨਿਟ 210 ਮੈਗਾਵਾਟ ਸਮਰੱਥਾ ਵਾਲੇ ਰੀ-ਹੀਟ ਯੂਨਿਟ ਹਨ। ਬਠਿੰਡਾ ਥਰਮਲ ਪਲਾਂਟ ਦੇ ਯੂਨਿਟਾਂ ਦੇ ਨਵੀਨੀਕਰਨ ਲਈ 715 ਕਰੋੜ ਰੁਪਏ ਖਰਚ ਹੋਏ, ਜਿਸ ਤੋਂ ਬਠਿੰਡਾ ਥਰਮਲ ਪਲਾਂਟ ਦੇ ਯੂਨਿਟ ਨੰਬਰ 1 ਤੇ 2 2022 ਤੱਕ ਤੇ ਯੂਨਿਟ ਨੰਬਰ 3 ਤੇ 4 2029 ਤੱਕ ਨਵੀਨੀਕ੍ਰਿਤ (ਰੈਨੋਵੇਟ) ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਜੇਕਰ ਆਪਣਾ ਉਕਤ ਫੈਸਲਾ ਵਾਪਸ ਨਾ ਲਿਆ ਤਾਂ ਸੂਬਾ ਸਰਕਾਰ ਨੂੰ ਉਸੇ ਤਰ੍ਹਾਂ ਪਛਤਾਉਣਾ ਪਵੇਗਾ, ਜਿਸ ਤਰ੍ਹਾਂ ਪ੍ਰਾਈਵੇਟ ਥਰਮਲ ਪਲਾਂਟ ਲਾ ਕੇ ਪਛਤਾ ਰਹੀ ਹੈ। ਸੂਬਾ ਸਰਕਾਰ ਪੀ. ਐੱਸ. ਈ. ਆਰ. ਸੀ. ਟੈਰਿਫ ਅਨੁਸਾਰ ਤਲਵੰਡੀ ਸਾਬੋ ਪ੍ਰਾਈਵੇਟ ਥਰਮਲ ਪਲਾਂਟ ਤੋਂ 5 ਰੁਪਏ 40 ਪੈਸੇ ਪ੍ਰਤੀ ਯੂਨਿਟ ਹਿਸਾਬ ਨਾਲ 3293 ਕਰੋੜ ਤੇ ਸ੍ਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਤੋਂ 8 ਰੁਪਏ 70 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ 1064 ਕਰੋੜ ਰੁਪਏ ਦੀ ਬਿਜਲੀ ਖਰੀਦੇਗੀ।
ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਇੰਜੀਨੀਅਰ ਸਤਵਿੰਦਰ ਸਿੰਘ ਤੇ ਇੰਜੀਨੀਅਰ ਜੇ. ਪੀ. ਹਾਂਡਾ ਨੇ ਦੱਸਿਆ ਕਿ ਇਸ ਦੌਰਾਨ ਸਾਰੇ ਸਹਾਇਕ ਇੰਜੀਨੀਅਰਾਂ (ਏ. ਈ.) ਨੂੰ ਬਰਾਬਰ ਤਨਖਾਹ ਦੇਣ ਦੀ ਮੰਗ ਵੀ ਕੀਤੀ ਗਈ। ਕੈਂਡਲ ਰੋਸ ਮਾਰਚ ਨੂੰ ਇੰਜੀਨੀਅਰ ਵਿਜੇ ਕੁਮਾਰ, ਮੁਬਾਰਕ ਸਿੰਘ, ਸਤਵਿੰਦਰ ਸਿੰਘ ਤੇ ਖੇਤਰੀ ਸਕੱਤਰ ਇੰਜੀਨੀਅਰ ਜੇ. ਪੀ. ਹਾਂਡਾ ਨੇ ਸੰਬੋਧਨ ਕੀਤਾ।


Related News