ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਵਾਸਤੇ ਪਰਿਵਾਰ ਵੱਲੋਂ ਕੱਢਿਆ ਜਾ ਰਿਹਾ ਕੈਂਡਲ ਮਾਰਚ (ਦੇਖੋ ਤਸਵੀਰਾਂ)
Thursday, Aug 25, 2022 - 07:31 PM (IST)
ਮਾਨਸਾ (ਬਿਊਰੋ) : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਨੂੰ ਲੈ ਕੇ ਅੱਜ ਮਾਨਸਾ ਵਿਚ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ, ਜਿਸ ਦੀ ਅਗਵਾਈ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਕਰ ਰਹੇ ਹਨ। ਇਹ ਕੈਂਡਲ ਮਾਰਚ ਮਾਨਸਾ ਦੀ ਬਾਹਰੀ ਅਨਾਜ ਮੰਡੀ ਤੋਂ ਸ਼ੁਰੂ ਹੋਇਆ। ਦੱਸ ਦਈਏ ਕਿ ਇਹ ਉਹੀ ਸਥਾਨ ਹੈ, ਜਿਥੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ : ਬੰਬੀਹਾ ਗੈਂਗ ਨੇ ਪੰਜਾਬ ਪੁਲਸ ਨੂੰ ਦਿੱਤੀ ਚੁਣੌਤੀ, ਮਨਕੀਰਤ ਔਲਖ ਦਾ ਵੀ ਕੀਤਾ ਜ਼ਿਕਰ
ਕੈਂਡਲ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੈਂਡਲ ਮਾਰਚ ਲਈ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਜਜ਼ਬੇ ਤੇ ਜੋਸ਼ ਨੂੰ ਸਿੱਧੂ ਪਰਿਵਾਰ ਸਲੂਟ ਕਰਦਾ ਹੈ। ਤੁਹਾਡੇ ਹੌਸਲੇ ਕਾਰਨ ਮੈਨੂੰ ਪਹਾੜ ਜਿੱਡੇ ਦੁੱਖ ਨਾਲ ਆਡਾ ਲਾਉਣ ਦੀ ਤਾਕਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਤੁਹਾਡਾ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਦੇ ਜਜ਼ਬੇ ਕਾਰਨ ਇਥੇ ਪਹੁੰਚ ਸਕਿਆ ਹਾਂ। ਉਹ ਮੇਰਾ ਪੁੱਤ ਨਹੀਂ ਸੀ, ਸਗੋਂ ਕਿਸੇ ਦਾ ਪੁੱਤ ਤੇ ਭਰਾ ਸੀ। ਉਸ ਦੀ ਸ਼ਖ਼ਸੀਅਤ ਕਾਰਨ ਹੀ ੳੁਸ ਨੂੰ ਸਤਿਕਾਰ ਮਿਲ ਰਿਹਾ ਹੈ। ਜਦੋਂ ਉਸ ਦੀ ਮੌਤ ਹੋਈ ਤਾਂ ਹਰ ਅੱਖ ਨੇ ਹੰਝੂ ਸੁੱਟੇ। ਮੇਰਾ ਸਿਰ ਫਖ਼ਰ ਨਾਲ ਉੱਚਾ ਹੋਇਅਾ ਹੈ ਕਿ ਅਸੀਂ ਸਿੱਧ ਪੱਧਰੇ ਸੀ ਪਰ ਮੇਰੇ ਪੁੱਤ ਨੇ ਮੈਨੂੰ ਇਥੇ ਤਕ ਪਹੰੁਚਾ ਦਿੱਤਾ। ਉਨ੍ਹਾਂ ਕਿਹਾ ਕਿ ਮੇਰੀਆਂ ਸਰਕਾਰ ਤੋਂ ਤਿੰਨ ਮੰਗਾਂ ਹਨ। ਮੈਂ ਮੁੱਖ ਮੰਤਰੀ ਭਗਵੰਤ ਮਾਨ, ਜੋ ਸਾਡੇ ਕਿੱਤੇ ਨਾਲ ਵੀ ਸਬੰਧਿਤ ਹਨ, ਉਨ੍ਹਾਂ ਨੂੰ ਇਕੋ ਬੇਨਤੀ ਕਰਦਾ ਹਾਂ ਕਿ ਇਕ ਤਾਂ ਮੇਰੇ ਪੁੱਤ ਦੀ ਸੁਰੱਖਿਆ ’ਚ ਜੋ ਕੁਤਾਹੀ ਹੋਈ ਹੈ, ਇਕ ਪਾਵਰਫੁੱਲ ਕਮਿਸ਼ਨ ਬਿਠਾ ਕੇ ਜਾਂਚ ਕਰਵਾਈ ਜਾਵੇ ਕਿ ਮੇਰੇ ਪੁੱਤ ਨੂੰੂ ਸੁਰੱਖਿਆ ਕਿਉਂ ਦਿੱਤੀ ਸੀ ਤੇ ਹਟਾਈ ਕਿਉਂ ਗਈ ਸੀ। ਮੈਨੂੰ ਤਿੰਨ ਮਹੀਨਿਆਂ ਤੋਂ ਇਸ ਗੱਲ ਦਾ ਕੋਈ ਪੁਖ਼ਤਾ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਜਿਹੜੇ ਅੰਡਰਵਰਲਡ ਨਾਲ ਸਬੰਧ ਹਨ, ਜਿਹੜੇ ਗੈਂਗਸਟਰਾਂ ਨਾਲ ਜੁੜੇ ਹੋਏ ਹਨ ਤੇ ਕਿੰਨਾ ਵੱਡਾ ਬਜਟ ਹੈ।
ਸਰਕਾਰ ਨੇ ਹੁਣ ਤਕ ਜਿੰਨੀ ਵੀ ਜਾਂਚ ਕੀਤੀ ਹੈ, ਉਹ ਬਹੁਤ ਸਹੀ ਤਰੀਕੇ ਨਾਲ ਕੀਤੀ ਹੈ। ਤੁਹਾਡੇ ਕੰਮ ’ਤੇ ਮੈਂ ਕੋਈ ਟੀਕਾ ਟਿੱਪਣੀ ਨਹੀਂ ਕਰਨੀ ਪਰ ਇਸ ਪਾਸੇ ਵੀ ਨਿਗ੍ਹਾ ਮਾਰੋ, ਜੇ ਸਿੱਧੂ ਮਰਦਾ ਹੈ ਤਾਂ ਉਸ ਲਈ 50 ਲੱਖ ਰੁਪਏ ਦੇ ਹਥਿਆਰ ਖ਼ਰੀਦੇ ਜਾਂਦੇ ਹਨ, ਇਹ ਹਥਿਆਰ ਲਾਰੈਂਸ ਇਕੱਲਾ ਜੇਲ੍ਹ ’ਚ ਬੈਠਾ ਨਹੀਂ ਖ਼ਰੀਦ ਸਕਦਾ ਸੀ। ਉਨ੍ਹਾਂ ਕਿਹਾ ਕਿ ਬੁਲੰਦਸ਼ਹਿਰ ਤੋਂ 8 ਲੱਖ ਰੁਪਏ ਦੀ ਏ. ਕੇ. ਸੰਤਾਲੀ ਖ਼ਰੀਦੀ ਜਾਂਦੀ ਹੈ, 15-15 ਲੱਖ ਦਾ ਇੰਪੋਰਟਿਡ ਅਸਲਾ ਖ਼ਰੀਦਿਆ ਜਾਂਦਾ ਹੈ। ਇਹ ਅਸਲਾ ਬੜੀ ਆਸਾਨੀ ਨਾਲ ਮਾਨਸਾ ਤੱਕ ਪਹੰੁਚਾ ਦਿੱਤਾ ਜਾਂਦਾ ਹੈ। ਇਹ ਸਭ ਬਿਨਾਂ ਪੈਸਿਆਂ ਤੋਂ ਤਾਂ ਨਹੀਂ ਹੋ ਸਕਦਾ ਸੀ। ਇਹ ਬਿਨਾਂ ਕਿਸੇ ਬਾਹਰਲੀ ਮਦਦ ਤੋਂ ਨਹੀਂ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਜਿਹੜੇ ਸਫ਼ੈਦਪੋਸ਼ ਗੈਂਗਸਟਰਾਂ ਦੀਆਂ ਫ਼ਿਰੌਤੀਆਂ ਵਸੂਲਦੇ ਹਨ ਤੇ 15 ਫੀਸਦੀ ਕਮਿਸ਼ਨ ਵਸੂਲਦੇ ਹਨ, ਐੱਫ. ਸੀ. ਯੂ. (ਫਾਇਨਾਂਸ ਕਮਿਸ਼ਨ ਯੂਨਿਟ) ਨੂੰ ਵੀ ਇਸ ਦਾ ਲੇਖਾ-ਜੋਖਾ ਦੇਖਣਾ ਚਾਹੀਦਾ ਹੈ ਕਿ ਇਨ੍ਹਾਂ ਨੇ ਪਿਛਲੇ ਸਾਲਾਂ ’ਚ ਕਿੰਨੇ-ਕਿੰਨੇ ਕਿੱਲੇ ਖਰੀਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸੁਰੱਖਿਆ ਦਿੱਤੀ ਜਾਂਦੀ ਹੈ ਤਾਂ ਇਕ ਗੱਲ ਨੂੰ ਜ਼ਰੂਰ ਚੈੱਕ ਕਰਨੀ ਚਾਹੀਦਾ ਹੈ ਕਿ ਸੁਰੱਖਿਆ ਮੰਗਣ ਵਾਲਾ ਬੰਦਾ ਗੈਂਗਸਟਰਾਂ ਦੀ ਮਦਦ ਤਾਂ ਨਹੀਂ ਕਰ ਰਿਹਾ ਜਾਂ ਮਦਦ ਲੈਂਦਾ ਤਾਂ ਨਹੀਂ। ਮੈਂ ਸਰਕਾਰ ਅੱਗੇ ਬੇਨਤੀ ਕਰਦਾ ਹਾਂ ਕਿ ਗੋਲਡੀ ਬਰਾੜ ਦਾ ਹੱਲ ਵੀ ਕੀਤਾ ਜਾਵੇ, ਉਸ ਨੂੰ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੋ ਗਿਆ ਸੀ। ਉਸ ਨੇ ਪੰਜਾਬ ਦਾ 150 ਮੁੰਡਾ ਮਰਵਾ ਦਿੱਤਾ ਹੈ।
ਇਹ ਮਾਰਚ ਪਿੰਡ ਜਵਾਹਰਕੇ 'ਲਾਸਟ ਰਾਈਡ' ਵੱਲ ਜਾਵੇਗਾ, ਜਿੱਥੇ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇਨਸਾਫ ਵਿਚ ਵਰਤੀ ਜਾ ਰਹੀ ਢਿੱਲ ਨੂੰ ਵੇਖਦੇ ਹੋਏ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਕੈਂਡਲ ਮਾਰਚ ਕੱਢਣ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਬੀਤੇ ਦਿਨ ਸਿੱਧੂ ਦੇ ਪਿਤਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ।