ਨਹਿਰ ਟੁੱਟਣ ਕਾਰਨ ਕਿਸਾਨਾਂ ਦੀ 150 ਏਕੜ ਫਸਲ ਬਰਬਾਦ (ਵੀਡੀਓ)
Tuesday, Jun 07, 2016 - 01:36 PM (IST)
ਮਾਨਸਾ : ਮਾਨਸਾ ਨੇੜੇ ਸਰਦੂਲਗੜ੍ਹ ''ਚ ਸੋਮਵਾਰ ਦੀ ਰਾਤ ਨੂੰ ਸੁਖਚੈਨ ਨਹਿਰ ਟੁੱਟਣ ਕਾਰਨ ਕਿਸਾਨਾਂ ਦੀ 150 ਏਕੜ ਫਸਲ ਬਰਬਾਦ ਹੋ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਨਹਿਰ 30 ਸਾਲ ਪੁਰਾਣੀ ਹੈ, ਜਿਸ ਦੀ ਮੁਰੰਮਤ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਕਈ ਵਾਰ ਨਹਿਰੀ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ ਹੈ ਪਰ ਵਿਭਾਗ ਵਲੋਂ ਇਸ ''ਤੇ ਕੋਈ ਅਮਲ ਨਹੀਂ ਕੀਤਾ ਗਿਆ।
ਸਿਰਫ ਇੰਨਾ ਹੀ ਨਹੀਂ, ਕਿਸਾਨਾਂ ''ਚ ਇਸ ਗੱਲ ਦਾ ਵੀ ਰੋਸ ਹੈ ਕਿ ਨਹਿਰ ਟੁੱਟਣ ਦੇ ਬਾਵਜੂਦ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦਾ ਹਾਲ ਜਾਨਣ ਲਈ ਇੱਥੇ ਨਹੀਂ ਆਇਆ। ਜਦੋਂ ਇਸ ਬਾਰੇ ਐੱਸ. ਡੀ. ਓ. ਐੱਚ. ਕੇ. ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ ਨੂੰ ਪੱਲਾ ਝਾੜਦਿਆਂ ਕਿਹਾ ਕਿ ਇਸ ਸੰਬੰਧੀ ਕੰਮ ਜਾਰੀ ਹੈ।
ਜ਼ਿਕਰਯੋਗ ਹੈ ਕਿ ਨਹਿਰ ਟੁੱਟਣ ਕਾਰਨ ਕਿਸਾਨਾਂ ਦੀ ਮੂੰਗੀ ਦੀ ਫਸਲ, ਝੋਨੇ ਦੀ ਪਨੀਰੀ, ਸਬਜ਼ੀਆਂ ਅਤੇ ਹਰਾ ਚਾਰਾ ਖਰਾਬ ਹੋ ਗਿਆ ਹੈ। ਲੋੜ ਹੈ ਨਹਿਰੀ ਵਿਭਾਗ ਦੀ ਚੰਗੀ ਤਰ੍ਹਾਂ ਮੁਰੰਮਤ ਕਰਨ ਦੀ ਤਾਂ ਜੋ ਅੱਗੇ ਤੋਂ ਕਿਸਾਨਾਂ ਦਾ ਅਜਿਹਾ ਨੁਕਸਾਨ ਨਾ ਹੋਵੇ।
