ਫਾਜ਼ਿਲਕਾ ਨਹਿਰ ''ਚੋਂ ਮਿਲੀ ਮਾਰਕਫੈਡ ਦੇ ਲਾਪਤਾ ਬ੍ਰਾਂਚ ਮੈਨੇਜਰ ਦੀ ਲਾਸ਼

06/14/2020 5:17:07 PM

ਮੋਗਾ (ਅਜ਼ਾਦ) : ਮੁਹੱਲਾ ਕਿਸ਼ਨਪੁਰਾ ਮੋਗਾ ਨਿਵਾਸੀ ਅਨਿਲ ਕੁਮਾਰ ਸੱਭਰਵਾਲ ਉਰਫ ਟੋਨੀ ਜੋ ਮਾਰਕਫੈਡ ਬ੍ਰਾਂਚ ਮੋਗਾ ਦੇ ਮੈਨੇਜਰ ਸਨ ਅਤੇ ਬੀਤੀ 9 ਜੂਨ ਤੋਂ ਲਾਪਤਾ ਸਨ ਦੀ ਲਾਸ਼ ਫਾਜ਼ਿਲਕਾ ਦੇ ਕੋਲ ਪਿੰਡ ਰਾਮਕੋਟ ਦੀ ਨਹਿਰ 'ਚੋਂ ਮਿਲੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਅਨਿਲ ਕੁਮਾਰ ਸੱਭਰਵਾਲ ਉਰਫ ਟੋਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਅਜੇ ਮੋਗਲਾ ਨਿਵਾਸੀ ਮੁਹੱਲਾ ਕਿਸ਼ਨਪੁਰਾ ਮੋਗਾ ਵੱਲੋਂ ਦਰਜ ਕਰਵਾਈ ਗਈ ਸੀ, ਜਿਸ ਵਿਚ ਉਨ੍ਹਾਂ ਦੱਸਿਆ ਸੀ ਕਿ ਟੋਨੀ 9 ਜੂਨ ਨੂੰ ਕਰੀਬ ਸਾਢੇ 3 ਵਜੇ ਮਾਰਕਫੈਡ ਦਫਤਰ ਵਿਚ ਆਪਣੀ ਸਕੂਟਰੀ 'ਤੇ ਗਿਆ ਪਰ ਦਫਤਰ ਨਹੀਂ ਪੁੱਜਾ, ਜਿਸ 'ਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਉਸ ਨਾਲ ਮੋਬਾਇਲ ਫੋਨ 'ਤੇ ਸੰਪਰਕ ਕੀਤਾ ਤਾਂ ਉਸਦਾ ਮੋਬਾਇਲ ਫੋਨ ਬੰਦ ਆ ਰਿਹਾ ਸੀ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋਣ 'ਤੇ ਉਸਦੀ ਤਲਾਸ਼ ਸ਼ੁਰੂ ਕੀਤੀ ਗਈ। 

ਥਾਣਾ ਮੁਖੀ ਨੇ ਕਿਹਾ ਕਿ ਇਸ ਦੀ ਜਾਂਚ ਸਹਾਇਕ ਥਾਣੇਦਾਰ ਬਲਕਾਰ ਸਿੰਘ ਨੂੰ ਸੌਂਪੀ ਗਈ ਸੀ। ਅਨਿਲ ਕੁਮਾਰ ਟੋਨੀ ਦੀ ਸਕੂਟਰੀ ਫਿਰੋਜਸ਼ਾਹ ਦੀਆਂ ਨਹਿਰਾਂ ਕੋਲੋਂ ਮਿਲਣ 'ਤੇ ਉਸਦੀ ਨਹਿਰ ਵਿਚ ਤਲਾਸ਼ ਕੀਤੀ ਗਈ ਅਤੇ ਅੱਜ ਅਨਿਲ ਕੁਮਾਰ ਟੋਨੀ ਦੀ ਲਾਸ਼ ਜ਼ਿਲਾ ਫਾਜ਼ਿਲਕਾ ਅਧੀਨ ਪੈਂਦੇ ਪਿੰਡ ਰਾਮਕੋਟ ਦੀ ਨਹਿਰ ਵਿਚੋਂ ਬਰਾਮਦ ਹੋਈ, ਜਿਸਦਾ ਪਤਾ ਲੱਗਣ 'ਤੇ ਥਾਣਾ ਖੂੰਹੀ ਖੇੜਾ ਦੇ ਸਹਾਇਕ ਥਾਣੇਦਾਰ ਪੂਰਨ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਕੱਢ ਕੇ ਇਸ ਦੀ ਜਾਣਕਾਰੀ ਮੋਗਾ ਪੁਲਸ ਨੂੰ ਦਿੱਤੀ। ਅੱਜ ਸਹਾਇਕ ਥਾਣੇਦਾਰ ਬਲਕਾਰ ਸਿੰਘ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਪਛਾਣ ਕਰਨ ਦੇ ਬਾਅਦ ਅ/ਧ 174 ਦੀ ਕਾਰਵਾਈ ਕਰਨ ਉਪਰੰਤ ਸਿਵਲ ਹਸਪਤਾਲ ਫਾਜ਼ਿਲਕਾ ਤੋਂ ਅਨਿਲ ਟੋਨੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕੀਤੀ ਗਈ। ਥਾਣਾ ਮੁਖੀ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਹ ਜਾਨਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਅਨਿਲ ਕੁਮਾਰ ਟੋਨੀ ਨੇ ਇਹ ਕਦਮ ਕਿਉਂ ਚੁੱਕਿਆ। ਅਨਿਲ ਕੁਮਾਰ ਟੋਨੀ ਦੀ ਲਾਸ਼ ਮਿਲਣ ਤੇ ਮੁਹੱਲਾ ਕਿਸ਼ਨਪੁਰਾ ਦੇ ਲੋਕਾਂ ਦੇ ਇਲਾਵਾ ਮਾਰਕਫੈਡ ਅਤੇ ਦੂਸਰੀਆਂ ਖ੍ਰੀਦ ਏਜੰਸੀਆਂ ਦੇ ਮੁਲਾਜ਼ਮਾਂ ਅੰਦਰ ਸ਼ੋਕ ਪਾਇਆ ਜਾ ਰਿਹਾ ਹੈ।


Gurminder Singh

Content Editor

Related News