ਸਰਹਿੰਦ ਨਹਿਰ ਡਿੱਗੀ ਕਾਰ, ਐੱਮ. ਏ. ਦੀ ਪੜ੍ਹਾਈ ਕਰ ਰਹੀ ਲੜਕੀ ਦੀ ਮੌਤ

Tuesday, Sep 19, 2017 - 07:44 PM (IST)

ਸਰਹਿੰਦ ਨਹਿਰ ਡਿੱਗੀ ਕਾਰ, ਐੱਮ. ਏ. ਦੀ ਪੜ੍ਹਾਈ ਕਰ ਰਹੀ ਲੜਕੀ ਦੀ ਮੌਤ

ਗਿੱਦੜਬਾਹਾ (ਕੁਲਭੂਸ਼ਨ, ਸੰਧਿਆ) : ਜੁੜਵਾ ਨਹਿਰਾਂ (ਰਾਜਸਥਾਨ ਫੀਡਰ ਤੇ ਸਰਹਿੰਦ ਫੀਡਰ) ਦੀ ਵਿਚਕਾਰ ਚੌੜੀ ਪੱਟੜੀ 'ਤੇ ਇਕ ਲੜਕੀ ਕਾਰ ਸਮੇਤ ਸਰਹਿੰਦ ਫੀਡਰ ਨਹਿਰ ਵਿਚ ਡਿੱਗ ਗਈ ਜਿਸ ਕਾਰਨ ਲੜਕੀ ਦੀ ਮੌਤ ਹੋ ਗਈ। ਘਟਨਾ ਦੇ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਗਿੱਦੜਬਾਹਾ ਦੇ ਐੱਸ.ਐੱਚ.ਓ. ਨਰਿੰਦਰ ਸਿੰਘ ਨੇ ਦੱਸਿਆ ਸੁਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਬੁਬਾਣੀਆਂ ਆਪਣੀ ਰਿਸ਼ਤੇਦਾਰ ਲੜਕੀ ਸਤਵੀਰ ਕੌਰ ਜੋ ਪਿੰਡ ਬਾਦਲ ਦੇ ਡਿਗਰੀ ਕਾਲਜ ਵਿਚ ਐੱਮ. ਏ. ਕਰ ਰਹੀ ਸੀ, ਪੁੱਤਰੀ ਗੁਰਜੀਤ ਸਿੰਘ ਨਾਲ ਨਹਿਰ ਦੀ ਉਕਤ ਪਟੜੀ ਤੋਂ ਜ਼ੈਨ ਕਾਰ ਨੰਬਰ ਪੀ.ਬੀ. 30 ਆਰ./0623 ਰਾਹੀਂ ਆਪਣੇ ਪਿੰਡ ਬੁਬਾਣੀਆਂ ਵੱਲ ਜਾ ਰਹੇ ਸਨ ਕਿ ਕਾਰ ਅਚਾਨਕ ਖਰਾਬ ਹੋ ਗਈ। ਜਿਸ 'ਤੇ ਉਕਤ ਸੁਮਨਦੀਪ ਸਿੰਘ ਨੇ ਲੜਕੀ ਸਤਵੀਰ ਕੌਰ ਨੂੰ ਕਿਹਾ ਕਿ ਉਹ ਸਟੇਅਰਿੰਗ 'ਤੇ ਆਏ ਜਦੋਂਕਿ ਉਹ ਕਾਰ ਨੂੰ ਧੱਕਾ ਲਗਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਅਚਾਨਕ ਕਾਰ ਸਟਾਰਟ ਹੋ ਗਈ ਅਤੇ ਲੜਕੀ ਦੇ ਕੰਟਰੋਲ ਤੋਂ ਬਾਹਰ ਹੁੰਦੀ ਹੋਈ ਸਰਹਿੰਦ ਫੀਡਰ ਨਹਿਰ ਵਿਚ ਡਿੱਗ ਗਈ। ਜਦੋਂਕਿ ਸੁਮਨਦੀਪ ਸਿੰਘ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕਿਆ।
ਉਨ੍ਹਾਂ ਦੱਸਿਆ ਕਿ ਘਟਨਾ ਸੰਬੰਧੀ ਸੂਚਨਾ ਪ੍ਰਾਪਤ ਹੋਣ 'ਤੇ ਉਹ ਸਮੇਤ ਡੀ.ਐੱਸ.ਪੀ. ਰਾਜਪਾਲ ਸਿੰਘ ਅਤੇ ਪੁਲਸ ਪਾਰਟੀ ਦੇ ਮੌਕੇ 'ਤੇ ਪੁੱਜੇ ਅਤੇ ਆਸਪਾਸ ਖੇਤਾਂ ਵਿਚ ਕੰਮ ਕਰਦੇ ਲੋਕਾਂ ਦੀ ਮਦਦ ਨਾਲ ਉਕਤ ਕਾਰ ਨੂੰ ਨਹਿਰ 'ਚੋਂ ਬਾਹਰ ਕੱਢਿਆ, ਜਦਕਿ ਲੜਕੀ ਸਤਵੀਰ ਕੌਰ ਦੀ ਲਾਸ਼ ਵੀ ਕਾਰ 'ਚੋਂ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਗਿੱਦੜਬਾਹਾ ਦੀ ਪੁਲਸ ਨੇ ਲੜਕੀ ਦੇ ਮਾਮਾ ਸੁਖਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਕੁਰਾਈਵਾਲਾ ਦੇ ਬਿਆਨਾਂ 'ਤੇ ਧਾਰਾ 174 ਅਧੀਨ ਕਾਰਵਾਈ ਅਮਲ ਵਿਚ ਲਿਆ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News