ਕੈਨੇਡਾ 'ਚ ਵਾਪਰੇ ਹਾਦਸੇ ਦੌਰਾਨ 1 ਪੰਜਾਬੀ ਨੌਜਵਾਨ ਦੀ ਮੌਤ, 2 ਜ਼ਖਮੀ
Friday, Dec 06, 2019 - 10:56 AM (IST)

ਮੱਖੂ (ਵਾਹੀ) - ਮੱਖੂ ਤੋਂ ਕੈਨੇਡਾ ਪੜ੍ਹਾਈ ਕਰਨ ਗਏ 2 ਨੌਜਵਾਨ ਭਾਰਤ ਦੇ ਸਮੇਂ ਅਨੁਸਾਰ 7 ਵਜੇ ਕੋਕੀਲਾ ਹਾਈਵੇ 'ਤੇ ਖਰਾਬ ਮੌਸਮ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਦੌਰਾਨ ਕਾਰ ਚਲਾ ਰਹੇ ਨੌਜਵਾਨ ਅਰਸ਼ਿਤ ਕਟਾਰੀਆ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਨਾਲ ਬੈਠਾ ਸਾਹਿਲ ਖੁਰਾਣਾ ਅਤੇ ਪਿਛਲੀ ਸੀਟ 'ਤੇ ਬੈਠਾ ਇਕ ਹੋਰ ਨੌਜਵਾਨ ਗੰਬੀਰ ਤੌਰ 'ਤੇ ਜ਼ਖਮੀ ਹੋ ਗਿਆ। ਉਕਤ ਨੌਜਵਾਨਾਂ 'ਚੋਂ ਇਕ ਨੌਜਵਾਨ ਦੀ ਅਜੇ ਪਛਾਣ ਨਹੀਂ ਹੋਈ। ਜਾਣਕਾਰੀ ਅਨੁਸਾਰ ਅਰਸ਼ਿਤ ਕਟਾਰੀਆ ਅਤੇ ਸਾਹਿਲ ਖੁਰਾਣਾ ਕੈਨੇਡਾ ਦੇ ਸਰੀ ਵਿਖੇ ਰਹਿ ਰਹੇ ਸਨ।
ਮ੍ਰਿਤਕ ਅਰਸ਼ਿਤ ਕਟਾਰੀਆ ਪੁੱਤਰ ਸਵ. ਮਨੋਜ ਕਟਾਰੀਆ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਦੇ ਚਚੇਰੇ ਭਰਾ ਦਾ ਪੋਤਰਾ ਸੀ। ਉਸ ਦੇ ਪਿਤਾ ਅਤੇ ਚਾਚੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਅਤੇ ਅਰਸ਼ਿਤ ਹੀ ਇਕੋ-ਇਕ ਪਰਿਵਾਰ ਦਾ ਸਹਾਰਾ ਸੀ। ਸੀ. ਬੀ. ਸੀ. ਨਿਊਜ਼ ਕੈਨੇਡਾ ਅਨੁਸਾਰ ਹਾਦਸਾ ਖਰਾਬ ਮੌਸਮ ਅਤੇ ਸੜਕਾਂ 'ਤੇ ਜੰਮੀ ਬਰਫ ਕਾਰਨ ਵਾਪਰਿਆ ਅਤੇ ਕਾਰ ਟਰੱਕ ਦੇ ਪਿਛੇ ਜਾ ਟਕਰਾਈ। ਕੁਝ ਹੋਰ ਕਾਰਾਂ ਵੀ ਪਿਛੋਂ ਇਸ ਹਾਦਸੇ ਵਾਲੀ ਕਾਰ ਨਾਲ ਟਕਰਾ ਗਈਆਂ। ਮੌਕੇ 'ਤੇ ਪਹੁੰਚੀਆਂ 2 ਹਵਾਈ ਅਤੇ ਸੜਕੀ ਐਂਬੂਲੈਂਸ ਨੇ ਜ਼ਖਮੀਆਂ ਨੂੰ ਸੰਭਾਲਿਆ ਅਤੇ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਮਾਤਾ ਕਿਰਨ ਕਟਾਰੀਆ ਸਰੀ ਵਿਖੇ ਆਪਣੇ ਪੁੱਤਰ ਕੋਲ ਗਈ ਹੋਈ ਹੈ।