ਕੈਨੇਡਾ ’ਚ ਹਾਦਸੇ ਦਾ ਸ਼ਿਕਾਰ ਹੋਈ 21 ਸਾਲਾ ਕੁੜੀ ਲੜ ਰਹੀ ਹੈ ਜ਼ਿੰਦਗੀ ਤੇ ਮੌਤ ਦੀ ਜੰਗ,ਪਰਿਵਾਰ ਨੇ ਕੀਤੀ ਇਹ ਅਪੀਲ
Sunday, Aug 22, 2021 - 04:51 PM (IST)
ਨਾਭਾ (ਰਾਹੁਲ ਖੁਰਾਣਾ): ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਚੰਗੇ ਭਵਿੱਖ ਦੀ ਤਲਾਸ਼ ਦੇ ਲਈ ਰੋਜ਼ਾਨਾ ਹੀ ਵੱਡੀ ਤਦਾਦ ’ਚ ਵਿਦੇਸ਼ੀ ਧਰਤੀ ਤੇ ਜਾ ਕੇ ਆਪਣੀ ਮੰਜ਼ਿਲ ਨੂੰ ਹਾਸਲ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ। ਪਰ ਵਿਦੇਸ਼ੀ ਧਰਤੀ ’ਤੇ ਪਹੁੰਚ ਕੇ ਉਨ੍ਹਾਂ ਦੇ ਨਾਲ ਕਈ ਤਰ੍ਹਾਂ ਦੀਆਂ ਦੁਰਘਟਨਾਵਾਂ ਵੀ ਵਾਪਰ ਰਹੀਆਂ ਹਨ। ਜੋ ਪਿੱਛੇ ਉਨ੍ਹਾਂ ਦੇ ਪਰਿਵਾਰ ਨੂੰ ਝਿੰਜੋੜ ਕੇ ਰੱਖ ਦਿੰਦੀਆਂ ਹਨ। ਇਸ ਤਰ੍ਹਾਂ ਦੀ ਹੀ ਘਟਨਾ ਵਾਪਰੀ ਨਾਭਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਜੋ ਕਿ ਬੀਤੇ ਇਕ ਮਹੀਨੇ ਪਹਿਲਾਂ ਹੀ ਕੈਨੇਡਾ ਵਿਖੇ ਸਟੱਡੀ ਵੀਜ਼ਾ ਤੇ ਗਈ ਸੀ ਅਤੇ ਜਦੋਂ ਉਹ ਕੰਮ ਤੋਂ ਵਾਪਸ ਪਰਤ ਰਹੀ ਸੀ ਤਾਂ ਉਹ ਸੜਕ ਹਾਦਸੇ ਦੌਰਾਨ ਬੁਰੀ ਤਰ੍ਹਾਂ ਫੱਟੜ ਹੋ ਗਈ ਅਤੇ ਪਿਛਲੇ 13 ਦਿਨਾਂ ਤੋਂ ਜਸਪ੍ਰੀਤ ਕੌਰ (21) ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ।
ਇਹ ਵੀ ਪੜ੍ਹੋ : ਮੋਗਾ: ਰੱਖੜੀ ਮੌਕੇ ਮਾਂ ਨੂੰ ਮਿਲਿਆ ਅਨੋਖਾ ‘ਤੋਹਫਾ’,14 ਵਰ੍ਹੇ ਪਹਿਲਾਂ ਗੁੰਮ ਹੋਏ ਪੁੱਤਰ ਨੂੰ ਦੇਖ ਅੱਖਾਂ ’ਚੋਂ ਵਹਿ ਤੁਰੇ ਹੰਝੂ (ਤਸਵੀਰਾਂ)
ਜਸਪ੍ਰੀਤ ਕੌਰ ਪਿਛਲੇ 13 ਦਿਨਾਂ ਤੋਂ ਲਗਾਤਾਰ ਕੌਮਾ ਵਿੱਚ ਹੈ ਅਤੇ ਪਰਿਵਾਰ ਇਸ ਘਟਨਾ ਤੋਂ ਬਾਅਦ ਗਹਿਰੇ ਸਦਮੇ ਵਿੱਚ ਹੈ ਪੀੜਤ ਜਸਪ੍ਰੀਤ ਦੇ ਪਿਤਾ ਬਲਜੀਤ ਸਿੰਘ ਨੇ ਮੰਗ ਕੀਤੀ ਕਿ ਉਸ ਨੂੰ ਭਾਰਤ ਸਰਕਾਰ ਜਲਦ ਤੋਂ ਜਲਦ ਵੀਜ਼ਾ ਦੇਵੇ ਤਾਂ ਜੋ ਉਹ ਕੈਨੇਡਾ ਪਹੁੰਚ ਕੇ ਆਪਣੀ ਬੱਚੀ ਦੀ ਦੇਖ-ਭਾਲ ਕਰ ਸਕੇ।ਜਸਪ੍ਰੀਤ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਕਿਉਂਕਿ ਜਸਪ੍ਰੀਤ ਦੇ ਪਰਿਵਾਰ ਵੱਲੋਂ ਬੜੀ ਹੀ ਮਿਹਨਤ ਦੇ ਨਾਲ ਕਰੀਬ 30 ਲੱਖ ਰੁਪਿਆ ਖਰਚ ਕਰਕੇ ਜਸਪ੍ਰੀਤ ਨੂੰ ਵਿਦੇਸ਼ੀ ਧਰਤੀ ਤੇ ਭੇਜਿਆ ਸੀ। ਭਾਵੇਂ ਕੈਨੇਡਾ ਸਰਕਾਰ ਦੀ ਅੰਬੈਸੀ ਵੱਲੋਂ ਸਾਰੀ ਹੀ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਬਲਜੀਤ ਸਿੰਘ ਨੂੰ ਡਾਕੂਮੈਂਟਸ ਭੇਜ ਦਿੱਤੇ ਹਨ ਕਿ ਉਹ ਆਪਣੀ ਲੜਕੀ ਦੇਖਭਾਲ ਕਰਨ ਲਈ ਆ ਸਕਦਾ ਹੈ ਪਰ ਭਾਰਤ ਸਰਕਾਰ ਵੱਲੋਂ ਅਜੇ ਤੱਕ ਬਲਜੀਤ ਸਿੰਘ ਨੂੰ ਵੀਜ਼ਾ ਨਹੀਂ ਦਿੱਤਾ ਗਿਆ। ਜਿਸ ਕਰਕੇ ਪੀੜਤ ਪਰਿਵਾਰ ਡਾਢੇ ਪ੍ਰੇਸ਼ਾਨ ਹਨ। ਪੀੜਤ ਜਸਪ੍ਰੀਤ ਦੇ ਪਰਿਵਾਰ ਵੱਲੋਂ ਭਾਰਤ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ, ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਵੀਜ਼ਾ ਦਿੱਤਾ ਜਾਵੇ ਤਾਂ ਜੋ ਆਪਣੀ ਬੱਚੀ ਦੀ ਦੇਖਭਾਲ ਕਰ ਸਕਣ।
ਇਹ ਵੀ ਪੜ੍ਹੋ : ਗਮ ’ਚ ਬਦਲੀਆਂ ਖ਼ੁਸ਼ੀਆਂ, 2 ਬੱਚਿਆਂ ਦੀ ਕੰਟੇਨਰ ’ਚ ਡੁੱਬਣ ਕਾਰਨ ਮੌਤ
ਇਸ ਮੌਕੇ ਤੇ ਪੀੜਤ ਜਸਪ੍ਰੀਤ ਕੌਰ ਦੇ ਪਿਤਾ ਬਲਜੀਤ ਸਿੰਘ ਅਤੇ ਪੀੜਤ ਜਸਪ੍ਰੀਤ ਦੀ ਭੈਣ ਹਰਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਸਾਨੂੰ ਇਸ ਘਟਨਾ ਦੇ ਬਾਰੇ ਪਤਾ ਲੱਗਿਆ ਅਤੇ ਸਾਨੂੰ ਫੋਨ ਆਇਆ ਕਿ ਤੁਹਾਡੀ ਕੁੜੀ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਇਹ ਗੱਲ ਸੁਣ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਸਾਨੂੰ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਵਿਦੇਸ਼ੀ ਧਰਤੀ ’ਤੇ ਉਸ ਨਾਲ ਐਡਾ ਵੱਡਾ ਹਾਦਸਾ ਵਾਪਰ ਜਾਵੇਗਾ। ਅਸੀਂ ਤਾਂ ਰਾਤ ਨੂੰ ਜਸਪ੍ਰੀਤ ਕੌਰ ਦੇ ਜਨਮ ਦਿਨ ਦੀ ਵਧਾਈ ਦੇਣ ਲਈ ਉਡੀਕ ਕਰ ਰਹੀ ਸੀ ਪਰ ਸਾਨੂੰ ਸੁਨੇਹਾ ਕੁਝ ਹੋਰ ਹੀ ਆਇਆ। ਸਾਨੂੰ ਕੈਨੇਡਾ ਅੰਬੈਸੀ ਵੱਲੋਂ ਸਾਰੀ ਹੀ ਕਾਗਜ਼ੀ ਕਾਰਵਾਈ ਕਰਕੇ ਸਾਨੂੰ ਭੇਜ ਦਿੱਤੀ ਹੈ ਕੀ ਤੁਸੀਂ ਆਪਣੀ ਕੁੜੀ ਨੂੰ ਮਿਲਣ ਲਈ ਆ ਜਾਵੋ। ਪਰ ਭਾਰਤ ਸਰਕਾਰ ਵੱਲੋਂ ਸਾਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਅਸੀਂ ਬਹੁਤ ਹੀ ਆਪਣੀ ਕੁੜੀ ਨੂੰ ਦੇਖਣ ਲਈ ਬੇਤਾਬ ਹਾਂ ਕਿਉਂਕਿ ਅਜੇ ਤੱਕ ਡਾਕਟਰ ਸਾਨੂੰ ਵੀਡੀਓ ਕਾਲ ਦੇ ਜ਼ਰੀਏ ਹੀ ਉਸ ਨੂੰ ਵਿਖਾ ਰਹੇ ਹਨ। ਪਰ ਅਸੀਂ ਉਸ ਨੂੰ ਉੱਥੇ ਜਾ ਕੇ ਮਿਲਣਾ ਚਾਹੁੰਦੇ ਹਾਂ।ਕੈਨੇਡਾ ਵਿਖੇ ਸਾਡਾ ਕੋਈ ਰਿਸ਼ਤੇਦਾਰ ਨਹੀਂ ਹੈ ਅਤੇ ਦੋਸਤ ਮਿੱਤਰ ਹੀ ਸਾਡੀ ਕੁੜੀ ਦੀ ਦੇਖ ਭਾਲ ਹੀ ਕਰ ਰਹੇ ਹਨ। ਸਾਡੀ ਤਾਂ ਭਾਰਤ ਸਰਕਾਰ ਅੱਗੇ ਗੁਜ਼ਾਰਿਸ਼ ਹੈ ਕਿ ਸਾਨੂੰ ਵੀਜ਼ਾ ਦਿੱਤਾ ਜਾਵੇ। ਅਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਮਹਾਰਾਣੀ ਪਰਨੀਤ ਕੌਰ ਅੱਗੇ ਬੇਨਤੀ ਕਰਦੇ ਹਾਂ ਕਿ ਸਾਨੂੰ ਛੇਤੀ ਤੋਂ ਛੇਤੀ ਵੀਜ਼ਾ ਦਿੱਤਾ ਜਾਵੇ ਤਾਂ ਜੋ ਅਸੀਂ ਲੜਕੀ ਨੂੰ ਜਾ ਕੇ ਮਿਲ ਸਕੀਏ।
ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ : ਪਿਓ ਨੇ ਨੌਜਵਾਨ ਪੁੱਤ ਦਾ ਗੋਲ਼ੀ ਮਾਰ ਕੇ ਕੀਤਾ ਕਤਲ
ਜ਼ਿਕਰਯੋਗ ਹੈ ਕਿ ਜਸਪ੍ਰੀਤ ਕੌਰ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਕੈਨੇਡਾ ਅਬੈਂਸੀ ਵੱਲੋਂ ਸਾਰੀ ਹੀ ਕਾਗਜ਼ੀ ਕਾਰਵਾਈ ਕਰਕੇ ਭਾਰਤ ਅੰਬੈਸੀ ਨੂੰ ਭੇਜ ਦਿੱਤੀ ਹੈ। ਪਰ ਭਾਰਤ ਅੰਬੈਸੀ ਨੂੰ ਚਾਹੀਦਾ ਹੈ ਕਿ ਉਹ ਐਮਰਜੈਂਸੀ ਹਾਲਾਤਾਂ ਨੂੰ ਵੇਖਦੇ ਹੋਏ ਪੀੜਤ ਕੁੜੀ ਦੇ ਪਰਿਵਾਰਕ ਮੈਂਬਰ ਨੂੰ ਵੀਜ਼ਾ ਦੇਣ ਤਾਂ ਜੋ ਉਨ੍ਹਾਂ ਦੇ ਮਨ ਨੂੰ ਤਸੱਲੀ ਮਿਲ ਸਕੇ। ਪਰ ਪੀੜਤ ਜਸਪ੍ਰੀਤ ਦੇ ਪਿਤਾ ਬਲਜੀਤ ਸਿੰਘ ਵੱਲੋਂ ਆਪਣੀ ਫਾਈਲ ਵੀਜ਼ਾ ਲਗਾਏ ਨੂੰ 7 ਦਿਨ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਵੀਜ਼ਾ ਹੀ ਨਹੀਂ ਮਿਲਿਆ।