''ਕੈਨੇਡਾ ਨੂੰ ਪੰਜਾਬ ਦੇ ਹੁਨਰਮੰਦ ਨੌਜਵਾਨਾਂ ਦੀ ਸਖ਼ਤ ਲੋੜ''
Tuesday, Nov 12, 2019 - 09:18 PM (IST)

ਜਲੰਧਰ- ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਕੈਨੇਡਾ ਦੇ ਓ੍ਰਟਾਰੀਓ ਤੋਂ ਸੰਸਦ ਮੈਂਬਰ ਨੀਨਾ ਤਾਂਗੜੀ ਨੇ ਕਿਹਾ ਕਿ ਪੰਜਾਬੀ ਹੁਨਰਮੰਦ ਨੌਜਵਾਨਾਂ ਦੀ ਕੈਨੇਡਾ ਵਿਚ ਬਹੁਤ ਲੋੜ ਹੈ। ਜਲੰਧਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਹੁਤ ਸਾਰੇ ਵਿਦਿਆਰਥੀ ਕੈਨੇਡਾ ਆ ਰਹੇ ਹਨ ਅਤੇ ਉਹ ਵਧੀਆ ਪੜ੍ਹਾਈ ਦੇ ਨਾਲ-ਨਾਲ ਚੰਗੀਆਂ ਨੌਕਰੀਆਂ ਵੀ ਕਰ ਰਹੇ ਹਨ। ਚੰਗੀ ਪੜ੍ਹਾਈ ਸਦਕਾ ਉਨ੍ਹਾਂ ਨੂੰ ਕੈਨੇਡਾ ਵਿਚ ਚੰਗੀ ਨੌਕਰੀ ਵੀ ਮਿਲ ਰਹੀ ਹੈ, ਜਿਸਦਾ ਸਿਹਰਾ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਲਗਨ ਨੂੰ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੂੰ ਸਕਿਲ ਟ੍ਰੇਡ ਦੇ ਲੋਕਾਂ ਦੀ ਵੀ ਬਹੁਤ ਹੀ ਲੋੜ ਹੈ, ਜਿਵੇਂ ਕਿ ਇਲੈਕਟ੍ਰੀਸ਼ੀਅਨ, ਕਾਰਪੇਂਟਰ ਅਤੇ ਸਕਿਲ ਟ੍ਰੇਡ ਨਾਲ ਜੁੜੇ ਹੋਏ ਲੋਕਾਂ ਦੀ ਉਥੇ ਬਹੁਤ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਉਹ ਦੋ ਹਫਤਿਆਂ ਲਈ ਆਫੀਸ਼ੀਅਲ ਟੂਰ 'ਤੇ ਭਾਰਤ ਆਏ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਗੱਲ ਹੋਈ ਸੀ, ਜਿਸ ਲਈ ਉਹ ਐਗਰੀਕਲਚਰ ਅਤੇ ਇੰਮੀਗ੍ਰੇਸ਼ਨ ਵਰਗੇ ਮੁੱਦਿਆਂ 'ਤੇ ਗੱਲ ਕਰਨਗੇ ਕਿਉਂਕਿ ਪੰਜਾਬ ਤੋਂ ਬਹੁਤ ਸਾਰੇ ਬੱਚੇ ਕੈਨੇਡਾ ਓਂਟਾਰੀਓ ਆ ਰਹੇ ਹਨ, ਜਿਨ੍ਹਾਂ ਲਈ ਉਹ ਕੈਨੇਡਾ ਦੇ ਕਾਲਜਾਂ ਨਾਲ ਗੱਲ ਕਰਨਗੇ ਕਿਉਂਕਿ ਪੰਜਾਬ ਦੇ ਬੱਚੇ ਕੈਨੇਡਾ ਜਾਣ ਦੇ ਬਹੁਤ ਇੱਛੁਕ ਹਨ ਅਤੇ ਕੈਨੇਡਾ ਨੂੰ ਵੀ ਇਨ੍ਹਾਂ ਵਰਗੇ ਹੁਨਰਮੰਦ ਨੌਜਵਾਨਾਂ ਦੀ ਲੋੜ ਹੈ।