ਚਾਵਾਂ ਨਾਲ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ, ਜਦੋਂ ਪਿੱਛੇ ਵਿਦੇਸ਼ ਪੁੱਜਾ ਮੁੰਡਾ ਤਾਂ ਕਰਤੂਤ ਦੇਖ ਉਡ ਗਏ ਹੋਸ਼

Friday, Jan 03, 2025 - 03:10 PM (IST)

ਚਾਵਾਂ ਨਾਲ ਕੈਨੇਡਾ ਭੇਜੀ ਪਤਨੀ ਨੇ ਚਾੜ੍ਹ 'ਤਾ ਚੰਨ, ਜਦੋਂ ਪਿੱਛੇ ਵਿਦੇਸ਼ ਪੁੱਜਾ ਮੁੰਡਾ ਤਾਂ ਕਰਤੂਤ ਦੇਖ ਉਡ ਗਏ ਹੋਸ਼

ਖਰੜ (ਰਣਬੀਰ) : ਵਿਦੇਸ਼ ਜਾਣ ਦੇ ਚਾਹਵਾਨ ਲੜਕੇ-ਲੜਕੀਆਂ ਖ਼ਾਸ ਕਰ ਕੁਝ ਕਥਿਤ ਲੜਕੀਆਂ ਦੀ ਸ਼ਮੂਲੀਅਤ ਵਧੇਰੇ ਸਾਹਮਣੇ ਆ ਰਹੀ ਹੈ। ਜਿਨ੍ਹਾਂ ’ਚ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਕ ਅਜਿਹੀ ਹੀ ਘਟਨਾ ਖਰੜ ਤੋਂ ਸਾਹਮਣੇ ਆਈ ਹੈ ਜਿੱਥੇ ਲੜਕੀ ਨੂੰ ਕੈਨੇਡਾ ਭੇਜਣ, ਉਸਦੀ ਪੜ੍ਹਾਈ-ਲਿਖਾਈ ਸਣੇ ਵਿਆਹ ’ਤੇ ਆਉਣ ਵਾਲਾ ਖ਼ਰਚਾ ਲੜਕੇ ਵਾਲਿਆਂ ਕੋਲੋਂ ਕਰਵਾ ਕੇ ਬਾਅਦ ’ਚ ਵਾਅਦੇ ਤੋਂ ਮੁੱਕਰ ਧੋਖਾਧੜੀ ਨੂੰ ਅੰਜਾਮ ਦੇਣ ਵਾਲੀ ਵਿਆਹੁਤਾ ਸਣੇ ਉਸ ਦੇ ਮਾਪਿਆਂ ਖ਼ਿਲਾਫ਼ ਪੁਲਸ ਨੇ ਠੱਗੀ ਦਾ ਕੇਸ ਦਰਜ ਕਰ ਲਿਆ ਹੈ। ਖਰੜ ਦੇ ਨੇੜੇ ਰਹਿਣ ਵਾਲੇ ਮਨਪ੍ਰੀਤ ਸਿੰਘ ਵਾਸੀ ਪਿੰਡ ਗੜਾਂਗਾ ਨੇ ਆਪਣੇ ਬਿਆਨਾਂ ਰਾਹੀਂ ਦੱਸਿਆ ਕਿ ਉਸ ਦੀ ਆਪਣੇ ਇਕ ਜਾਣਕਾਰ ਦੀ ਮਾਰਫਤ ਸਾਲ 2018 ਦੇ ਅੰਦਰ ਆਪਣੇ ਭਤੀਜੇ ਹਰਪ੍ਰੀਤ ਸਿੰਘ ਦੇ ਰਿਸ਼ਤੇ ਨੂੰ ਲੈ ਕੇ ਗੱਲ ਹੋਈ ਸੀ। ਉਸ ਦੇ ਜਾਣਕਾਰ ਦੀ ਅੱਗੇ ਰਿਸ਼ਤੇਦਾਰੀ ਵਿਚ ਹੀ ਨਿਰਮਲ ਸਿੰਘ ਵਾਸੀ ਸਮਰਾਲਾ ਨਾਂ ਦਾ ਵਿਅਕਤੀ ਜੋ ਆਪਣੀ ਆਈਲੈਟਸ ਪਾਸ ਲੜਕੀ ਹਰਜੋਤ ਕੌਰ ਲਈ ਅਜਿਹੇ ਲੜਕੇ ਦੀ ਭਾਲ ’ਚ ਸੀ, ਜੋ ਉਸ ਦੀ ਲੜਕੀ ਨਾਲ ਵਿਆਹ ਕਰਵਾ, ਉਸ ਨੂੰ ਸਟੱਡੀ ਵੀਜ਼ੇ ਰਾਹੀਂ ਕੈਨੇਡਾ ਭੇਜ ਸਾਰਾ ਖ਼ਰਚਾ ਚੁੱਕ ਸਕੇ। 

ਇਹ ਵੀ ਪੜ੍ਹੋ : ਪੰਜਾਬ ਲਈ ਵੱਡੇ ਖ਼ਤਰੇ ਦੀ ਘੰਟੀ, ਹੈਰਾਨ ਕਰ ਦੇਣ ਵਾਲੀ ਰਿਪੋਰਟ ਆਈ ਸਾਹਮਣੇ

ਲੜਕੇ ਹਰਪ੍ਰੀਤ ਸਿੰਘ ਬਾਰੇ ਪਤਾ ਲੱਗਣ ’ਤੇ ਗੱਲ ਅੱਗੇ ਚੱਲੀ ਤਾਂ ਦੋਵਾਂ ਧਿਰਾਂ ਦਰਮਿਆਨ ਇਸ ਨੂੰ ਲੈ ਕੇ ਦਸੰਬਰ 2018 ’ਚ ਹੋਈ ਮੁਲਾਕਾਤ ਦੌਰਾਨ ਲੜਕਾ-ਲੜਕੀ ਨੇ ਇਕ ਦੂਜੇ ਨੂੰ ਪਸੰਦ ਕਰ ਲਿਆ। ਇਸ ਦਰਮਿਆਨ ਦੋਵਾਂ ਧਿਰਾਂ ਵਿਚਕਾਰ ਇਹ ਗੱਲ ਪੱਕੀ ਹੋਈ ਕਿ ਲੜਕੀ ਨੂੰ ਕੈਨੇਡਾ ਭੇਜਣ ਦਾ ਜੋ ਵੀ ਖ਼ਰਚਾ ਆਵੇਗਾ ਉਹ ਮੁੰਡੇ ਵਾਲਿਆਂ ਵੱਲੋਂ ਕੀਤਾ ਜਾਵੇਗਾ। ਲੜਕੀ ਉੱਥੇ ਪੁੱਜਕੇ ਲੜਕੇ ਨੂੰ ਕੈਨੇਡਾ ਬੁਲਾ ਲਏਗੀ, ਜਿਥੇ ਦੋਵੇਂ ਆਪਸ ’ਚ ਪਤੀ-ਪਤਨੀ ਵਜੋਂ ਵਿਆਹੁਤਾ ਜ਼ਿੰਦਗੀ ਬਤੀਤ ਕਰਨਗੇ। ਲੜਕੀ ਦੇ ਘਰਦਿਆਂ ਨੇ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਵਿਆਹ ਤੋਂ ਪਹਿਲਾਂ ਰੱਖੀ ਗਈ ਹਰ ਸ਼ਰਤ (ਜਿਸ ’ਚ ਇਹ ਵੀ ਸ਼ਾਮਲ ਸੀ ਦੋਵਾਂ ਦਾ ਵਿਆਹ ਪੱਕਾ ਹੋਵੇਗਾ) ਦੇ ਕੈਨੇਡਾ ਪੁੱਜ ਪੂਰੀ ਕੀਤੇ ਜਾਣ ਦਾ ਵਾਰ-ਵਾਰ ਭਰੋਸਾ ਦਿੱਤਾ ਗਿਆ ਸੀ। ਸਾਰਿਆਂ ਦੀ ਰਜ਼ਾਮੰਦੀ ਦੌਰਾਨ ਹਰਜੋਤ ਕੌਰ ਨੂੰ ਸਟੱਡੀ ਵੀਜ਼ਾ ਰਾਹੀਂ 2019 ’ਚ ਕੈਨੇਡਾ ਭੇਜ ਦਿੱਤਾ, ਜਿੱਥੇ ਉਸ ਦੇ ਕਾਲਜ ਦੀ ਫ਼ੀਸ, ਜੀ.ਆਈ.ਸੀ. ਸਾਰਾ ਖ਼ਰਚ 22 ਲੱਖ ਰੁਪਏ ਲੜਕੇ ਵਾਲਿਆਂ ਵੱਲੋਂ ਕੀਤਾ ਗਿਆ ਸੀ, ਜਿਸਦੇ ਕਰੀਬ ਸਾਲ ਉਥੇ ਰਹਿਣ ਮਗਰੋਂ ਪਹਿਲਾਂ ਤੈਅ ਗੱਲ ਮੁਤਾਬਕ 28 ਫਰਵਰੀ 2020 ਨੂੰ ਲੜਕੀ ਨੂੰ ਵਾਪਸ ਇੰਡੀਆ ਬੁਲਾ 2 ਮਾਰਚ 2020 ਨੂੰ ਉਸ ਦਾ ਤੇ ਹਰਪ੍ਰੀਤ ਸਿੰਘ ਦਾ ਵਿਆਹ ਕਰਵਾ ਦਿੱਤਾ ਗਿਆ। ਇਸ ’ਤੇ ਆਇਆ 3 ਲੱਖ ਰੁਪਏ ਦਾ ਖ਼ਰਚਾ ਵੀ ਲੜਕੇ ਵਾਲਿਆਂ ਵੱਲੋਂ ਕੀਤਾ ਗਿਆ। 

ਇਹ ਵੀ ਪੜ੍ਹੋ : ਪੰਜਾਬ ਦੇ ਇਸ ਪ੍ਰਸਿੱਧ ਡੇਰੇ ਵਿਚ ਭਿਆਨਕ ਹਾਦਸਾ, ਡੇਰਾ ਮੁਖੀ ਦੀ ਦਰਦਨਾਕ ਮੌਤ

ਵਿਆਹ ਤੋਂ 2/3 ਦਿਨ ਬਾਅਦ ਹੀ ਲੜਕੀ ਵਾਪਸ ਕੈਨੇਡਾ ਚਲੀ ਗਈ ਤੇ ਕੁਝ ਦਿਨਾਂ ਬਾਅਦ ਉਸ ਦਾ ਪਤੀ ਹਰਪ੍ਰੀਤ ਸਿੰਘ ਵੀ ਕੈਨੇਡਾ ਚਲਾ ਗਿਆ ਪਰ ਜਿਵੇਂ ਹੀ ਉਹ ਕੈਨੇਡਾ ਏਅਰਪੋਰਟ ’ਤੇ ਪੁੱਜਾ ਤਾਂ ਉਸ ਨੂੰ ਲੈਣ ਆਉਣਾ ਤਾਂ ਦੂਰ ਲੜਕੀ ਨੇ ਉਸਦਾ ਫੋਨ ਤੱਕ ਨਾ ਚੁੱਕਿਆ। ਕਾਫ਼ੀ ਕੋਸ਼ਿਸ਼ ਦੇ ਬਾਵਜੂਦ ਕੁਝ ਸਮਝ ਨਾ ਆਉਣ ’ਤੇ ਹਰਪ੍ਰੀਤ ਨੇ ਸਾਰੀ ਗੱਲ ਆਪਣੇ ਘਰਦਿਆਂ ਨੂੰ ਦੱਸੀ। ਲੜਕੇ ਦੇ ਘਰਦਿਆਂ ਨੇ ਲੜਕੀ ਦੇ ਮਾਪਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਲੜਕੀ ਨਾਲ ਗੱਲ ਕਰਕੇ ਦੱਸਣਗੇ ਪਰ ਬਾਅਦ ਵਿਚ ਉਨ੍ਹਾਂ ਵੱਲੋਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਗਿਆ, ਸਗੋਂ ਲਾਰੇ ਲਾਉਂਦੇ ਰਹੇ ਕਿ ਉਨ੍ਹਾਂ ਦੀ ਗੱਲ ਹਰਜੋਤ ਕੌਰ ਨਾਲ ਨਹੀਂ ਹੋ ਰਹੀ। ਇਸ ਲਈ ਉਹ ਉਸ ਬਾਰੇ ਅਜੇ ਕੁਝ ਨਹੀਂ ਦੱਸ ਸਕਦੇ।

ਇਹ ਵੀ ਪੜ੍ਹੋ : 14 ਜਨਵਰੀ ਪੰਜਾਬ ਵਿਚ ਹੋ ਸਕਦਾ ਹੈ ਵੱਡਾ ਐਲਾਨ, ਹਲਚਲ ਵਧੀ

ਦਰਖਾਸਤਕਰਤਾ ਮੁਤਾਬਕ ਇਸ ਤੋਂ ਬਾਅਦ ਉਨ੍ਹਾਂ ਦਾ ਲੜਕਾ ਇਕੱਲਾ ਹੀ ਕੈਨੇਡਾ ਵਿਖੇ ਰਿਹਾ। ਮਜਬੂਰੀਵਸ ਉਸ ਨੂੰ ਤਿੰਨ ਸਾਲ ਦੇ ਵਰਕ ਪਰਮਿਟ ਰਾਹੀਂ ਉਥੇ ਰਹਿਣਾ ਪਿਆ। ਜੇਕਰ ਉਹ ਵਰਕ ਪਰਮਿਟ ਨਾ ਲੈਂਦਾ ਤਾਂ ਉਸ ਨੂੰ ਇੰਡੀਆ ਵਾਪਸ ਡਿਪੋਰਟ ਕਰ ਦਿੱਤਾ ਜਾਣਾ ਸੀ। ਇਸ ਦਰਮਿਆਨ ਮੁਲਜ਼ਮ ਲੜਕੀ ਵੱਲੋਂ ਆਪਣੇ ਪਤੀ ਹਰਪ੍ਰੀਤ ਸਿੰਘ ਨੂੰ ਕੈਨੇਡਾ ਤੋਂ ਡਿਪੋਰਟ ਕਰਵਾਉਣ ਦੇ ਨਾਂ ’ਤੇ ਧਮਕੀਆਂ ਦਿੰਦੇ ਹੋਏ ਸਤੰਬਰ 2023 ਨੂੰ ਤਲਾਕ ਦਾ ਕੇਸ ਪਾਉਣ ਸੰਬੰਧੀ ਨੋਟਿਸ ਵੀ ਭੇਜ ਦਿੱਤਾ ਗਿਆ। ਜਦੋਂ ਕਿ ਹਰਪ੍ਰੀਤ ਸਿੰਘ ਹਰਜੋਤ ਕੌਰ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਹੈ ਪਰ ਉਸ ਵੱਲੋਂ ਵਾਰ-ਵਾਰ ਉਸ ਨੂੰ ਧਮਕੀਆਂ ਦਿੱਤੇ ਜਾਣ ’ਤੇ ਹਰਪ੍ਰੀਤ ਸਿੰਘ ਨੂੰ ਆਪਣੇ ਭਵਿੱਖ ਨੂੰ ਧਿਆਨ ’ਚ ਰੱਖਦੇ ਹੋਏ ਮਜਬੂਰੀ ’ਚ ਕੈਨੇਡਾ ਵਿਖੇ ਏਜੰਟ ਦੀ ਮਦਦ ਨਾਲ ਐੱਲ.ਐੱਮ.ਆਈ. ਲੈਣ ਲਈ 20 ਲੱਖ ਰੁਪਏ ਹੋਰ ਖ਼ਰਚ ਕਰਨੇ ਪਏ। 

ਇਹ ਵੀ ਪੜ੍ਹੋ : ਪੰਜਾਬ 'ਚ ਕਹਿਰ ਵਰ੍ਹਾਉਣ ਲੱਗੀ ਹੱਡ ਜਮਾਊ ਠੰਡ, ਇਕੱਠੀਆਂ ਤਿੰਨ ਮੌਤਾਂ ਤੋਂ ਬਾਅਦ ਜਾਰੀ ਹੋਈਆਂ ਹਦਾਇਤਾਂ

ਇਸ ਤਰ੍ਹਾਂ ਇਸ ਸਾਜ਼ਿਸ਼ ਦਾ ਸ਼ਿਕਾਰ ਹੋਏ ਨੌਜਵਾਨ ਦੇ ਕੁੱਲ 46 ਲੱਖ ਰੁਪਏ ਖ਼ਰਚ ਹੋ ਗਏ। ਉਨ੍ਹਾਂ ਜਦੋਂ ਲੜਕੀ ਦੇ ਮਾਪਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੀ ਗੱਲ ਸਮਝਣ ਦੀ ਬਜਾਏ ਉਨ੍ਹਾਂ ਲੜਕੇ ਵਾਲਿਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਐੱਸ. ਐੱਸ. ਪੀ. ਮੋਹਾਲੀ ਨੂੰ ਦਿੱਤੀ ਦਰਖਾਸਤ ’ਚ ਮਨਪ੍ਰੀਤ ਸਿੰਘ ਨੇ ਕਿਹਾ ਇਸ ਤੋਂ ਸਾਫ਼ ਜ਼ਾਹਰ ਸੀ ਕਿ ਇਕ ਸਾਜ਼ਿਸ਼ ਤਹਿਤ ਇਸ ਠੱਗੀ ਨੂੰ ਅੰਜਾਮ ਦਿੱਤਾ ਗਿਆ ਸੀ। ਜਾਂਚ ’ਚ ਸਾਰੇ ਇਲਜ਼ਾਮਾਂ ਨੂੰ ਸਹੀ ਪਾਉਂਦੇ ਹੋਏ ਸਦਰ ਪੁਲਸ ਨੇ ਉਕਤ ਲੜਕੀ ਦੇ ਪਿਤਾ ਨਿਰਮਲ ਸਿੰਘ, ਮਾਂ ਗੁਰਪ੍ਰੀਤ ਕੌਰ ਤੇ ਲੜਕੀ ਹਰਜੋਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕਹਿਰ ਵਰ੍ਹਾਉਣ ਲੱਗੀ ਹੱਡ ਜਮਾਊ ਠੰਡ, ਇਕੱਠੀਆਂ ਤਿੰਨ ਮੌਤਾਂ ਤੋਂ ਬਾਅਦ ਜਾਰੀ ਹੋਈਆਂ ਹਦਾਇਤਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News