ਕੈਨੇਡਾ ਆਧਾਰਤ ਨਾਰਕੋ-ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼; 2.5kg ਹੈਰੋਇਨ ਤੇ ਡਰੱਗ ਮਨੀ ਸਣੇ 3 ਕਾਬੂ
Tuesday, May 27, 2025 - 01:41 AM (IST)

ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) - ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਕੈਨੇਡਾ ਆਧਾਰਤ ਨਸ਼ਾ ਸਮੱਗਲਿੰਗ ਸੋਨੂੰ ਦੁਆਰਾ ਚਲਾਏ ਜਾ ਰਹੇ ਅੰਤਰਰਾਸ਼ਟਰੀ ਨਾਰਕੋ-ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਸ ਦੇ ਭਾਰਤ ਆਧਾਰਤ 3 ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚ 2.5 ਕਿੱਲੋ ਹੈਰੋਇਨ ਤੇ 42 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਸਰਾਏ ਅਮਾਨਤ ਖਾਂ ਦੇ ਵਸਨੀਕ ਅਜੈਪਾਲ ਸਿੰਘ ਉਰਫ਼ ਅਜੈ; ਅੰਮ੍ਰਿਤਸਰ ਦੇ ਭਗਤਾਂਵਾਲਾ ਦੇ ਵਸਨੀਕ ਹਰਦੀਪ ਸਿੰਘ ਤੇ ਤਰਨਤਾਰਨ ਦੇ ਅਲੀਪੁਰ ਦੇ ਵਸਨੀਕ ਮਿਲਾਪ ਸਿੰਘ ਵਜੋਂ ਹੋਈ ਹੈ। ਪੁਲਸ ਟੀਮਾਂ ਨੇ ਸਮੱਗਲਿੰਗ ਲਈ ਵਰਤੇ ਜਾ ਰਹੇ ਉਨ੍ਹਾਂ ਦੇ ਮੋਟਰਸਾਈਕਲ ਤੇ ਕਾਰ ਵੀ ਜ਼ਬਤ ਕੀਤੀ। ਸੀ.ਆਈ. ਅੰਮ੍ਰਿਤਸਰ ਦੀਆਂ ਪੁਲਸ ਟੀਮਾਂ ਨੂੰ ਕੈਨੇਡਾ ਆਧਾਰਤ ਵਿਅਕਤੀ ਸੋਨੂੰ ਦੇ ਆਪਣੇ ਪੰਜਾਬ ਆਧਾਰਤ ਸਾਥੀਆਂ ਦੀ ਮਦਦ ਨਾਲ ਨਸ਼ਾ ਤਸਕਰੀ ਰੈਕੇਟ ਚਲਾਉਣ ਸਬੰਧੀ ਭਰੋਸੇਯੋਗ ਜਾਣਕਾਰੀ ਮਿਲੀ ਸੀ।
ਮਿਲੀ ਜਾਣਕਾਰੀ ਤੋਂ ਪਤਾ ਲੱਗਾ ਕਿ ਉਸ ਦੇ ਦੋ ਸਾਥੀਆਂ ਅਜੈਪਾਲ ਸਿੰਘ ਤੇ ਹਰਦੀਪ ਸਿੰਘ ਨੇ ਹਾਲ ਹੀ ’ਚ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ ਤੇ ਹੈਰੋਇਨ ਦੀ ਖੇਪ ਪਹੁੰਚਾਉਣ ਲਈ ਉਹ ਲਿੰਕ ਰੋਡ ਤੋਂ ਆਪਣੇ ਮੋਟਰਸਾਈਕਲ ’ਤੇ ਅੱਡਾ ਖਾਸਾ ਤੋਂ ਖੁਰਮਣੀਆਂ ਆ ਰਹੇ ਹਨ। ਇਸ ਸੂਚਨਾ ’ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸੀ.ਆਈ. ਅੰਮ੍ਰਿਤਸਰ ਦੀਆਂ ਪੁਲਸ ਟੀਮਾਂ ਨੇ ਛਾਪਾ ਮਾਰਿਆ ਤੇ ਉਨ੍ਹਾਂ ਦੇ ਕਬਜ਼ੇ ’ਚੋਂ 2.5 ਕਿੱਲੋ ਹੈਰੋਇਨ ਬਰਾਮਦ ਕਰਨ ਉਪਰੰਤ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਲੋਂ ਡਰੱਗ ਮਨੀ ਆਪਣੇ ਇਕ ਹੋਰ ਸਾਥੀ ਮਿਲਾਪ ਸਿੰਘ ਨੂੰ ਸੌਂਪਣ ਦੇ ਖ਼ੁਲਾਸੇ ’ਤੇ ਸੀ.ਆਈ. ਅੰਮ੍ਰਿਤਸਰ ਦੀ ਟੀਮ ਨੇ ਉਸ ਨੂੰ ਅੰਮ੍ਰਿਤਸਰ-ਬਠਿੰਡਾ ਹਾਈਵੇ ਤੋਂ ਪਿੰਡ ਅਲੀਪੁਰ ਨੇੜੇ ਗ੍ਰਿਫ਼ਤਾਰ ਕੀਤਾ ਤੇ ਉਸ ਤੋਂ 42 ਲੱਖ ਰੁਪਏ ਦੀ ਡਰੱਗ ਮਨੀ ਤੇ ਕਰੰਸੀ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕਰਨ ਤੋਂ ਇਲਾਵਾ ਉਸ ਦੀ ਟੋਇਟਾ ਫਾਰਚੂਨਰ ਕਾਰ ਵੀ ਜ਼ਬਤ ਕਰ ਲਈ।