ਕੈਨੇਡਾ ''ਚ ਕਤਲ ਕੀਤੇ ਨੌਜਵਾਨ ਦੀ 20 ਦਿਨਾਂ ਬਾਅਦ ਪਿੰਡ ਪੁੱਜੀ ਲਾਸ਼

Tuesday, Jul 09, 2019 - 10:39 AM (IST)

ਮੌੜ ਮੰਡੀ(ਭੂਸ਼ਣ) : ਬੀਤੀ 18 ਜੂਨ ਦੀ ਰਾਤ ਨੂੰ ਕੈਨੇਡਾ ਦੇ ਬਰੈਂਪਟਨ ਵਿਖੇ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਗੁਰਜੋਤ ਸਿੰਘ ਦੀ ਮਿਤ੍ਰਕ ਦੇਹ 20 ਦਿਨਾਂ ਬਾਅਦ ਸੋਮਵਾਰ ਨੂੰ ਉਸ ਦੇ ਪਿੰਡ ਥੰਮਣਗੜ੍ਹ ਲਿਆਂਦੀ ਗਈ। ਦੱਸਣਯੋਗ ਹੈ ਕਿ ਜਦੋਂ ਤੋਂ ਗੁਰਜੋਤ ਦੇ ਮਾਰੇ ਜਾਣ ਬਾਰੇ ਪਤਾ ਲੱਗਾ ਸੀ ਉਦੋਂ ਤੋਂ ਹੀ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਦੱਸਣਯੋਗ ਹੈ ਕਿ ਡੇਢ ਸਾਲ ਪਹਿਲਾਂ ਸਟੱਡੀ ਵੀਜ਼ਾ 'ਤੇ ਕੈਨੇਡਾ ਗਏ ਗੁਰਜੋਤ ਸਿੰਘ ਦੇ ਮਾਤਾ–ਪਿਤਾ ਦੀ 17 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਸ ਦੇ ਚਾਚਾ ਅਵਤਾਰ ਸਿੰਘ ਵੱਲੋਂ ਹੀ ਉਸ ਦਾ ਪਾਲਣ-ਪੋਸ਼ਣ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੇ ਚਾਚਾ ਵੱਲੋਂ ਹੀ ਉਸ ਨੂੰ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਈਲੈਟਸ ਕਰਵਾ ਕੇ ਪੜ੍ਹਾਈ ਲਈ ਕੈਨੇਡਾ ਭੇਜਿਆ ਗਿਆ ਸੀ, ਜਿੱਥੇ ਗੁਰਜੋਤ ਨੂੰ ਬੀਤੀ 18 ਜੂਨ ਨੂੰ ਲਗਭਗ ਰਾਤ 10 ਵਜੇ ਦੇ ਕਰੀਬ ਇਕ ਸ਼ਾਪਿੰਗ ਮਾਲ 'ਚ ਗੋਲੀਆਂ ਮਾਰੀਆਂ ਗਈਆਂ। ਜਾਣਕਾਰੀ ਅਨੁਸਾਰ ਆਪਣੇ ਕਤਲ ਤੋਂ ਅਗਲੇ ਦਿਨ ਗੁਰਜੋਤ ਦਾ ਭਾਰਤ ਆਉਣ ਦਾ ਪ੍ਰੋਗਰਾਮ ਸੀ ਪਰ ਅਚਾਨਕ ਹੀ ਇਹ ਦੁਖਦਾਇਕ ਘਟਨਾ ਵਾਪਰ ਗਈ। ਸੋਮਵਾਰ ਨੂੰ ਜਿਵੇਂ ਹੀ ਗੁਰਜੋਤ ਦੀ ਲਾਸ਼ ਨੂੰ ਦਿੱਲੀ ਤੋਂ ਲੈ ਕੇ ਉਸ ਦੇ ਚਾਚਾ ਅਤੇ ਫੁੱਫੜ ਆਦਿ ਪਿੰਡ ਪੁੱਜੇ ਤਾਂ ਹਰ ਪਿੰਡ ਵਾਸੀ ਸਮੇਤ ਸਮੁੱਚੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਸ਼ਮਸ਼ਾਨਘਾਟ ਵਿਚ ਮ੍ਰਿਤਕ ਗੁਰਜੋਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਮੀਡੀਆ ਕਰਮੀਆਂ ਤੋਂ ਜ਼ਿਆਦਾਤਰ ਦੁਰੀ ਬਣਾ ਕੇ ਰੱਖੀ ਗਈ।


cherry

Content Editor

Related News