ਕੈਨੇਡਾ ਲੈ ਕੇ ਜਾਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਰੁਪਏ ਦੀ ਠੱਗੀ
Wednesday, Jul 06, 2022 - 05:52 PM (IST)
ਰਾਏਕੋਟ (ਭੱਲਾ) : ਥਾਣਾ ਸਦਰ ਪੁਲਸ ਵੱਲੋਂ ਵਿਦੇਸ਼ ਲੈ ਕੇ ਜਾਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਕਥਿਤ ਦੋਸ਼ਾਂ ਤਹਿਤ ਦੋ ਔਰਤਾਂ ਅਤੇ ਇਕ ਵਿਅਕਤੀ ਵਿਰੁੱਧ ਠੱਗੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਰਾਏਕੋਟ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਧਾਲੀਵਾਲ ਪੱਤੀ ਸੁਧਾਰ ਵੱਲੋਂ ਦਿੱਤੀ ਗਈ ਦਰਖਾਸਤ ਵਿਚ ਦੱਸਿਆ ਕਿ ਮੇਰਾ ਭਰਾ ਹਰਮਿੰਦਰ ਸਿੰਘ 2018 ਵਿਚ ਕੈਨੇਡਾ ਗਿਆ ਸੀ, ਜਿਸ ਦੀ ਉੱਥੇ ਕਮਲਜੀਤ ਕੌਰ ਨਾਂ ਦੀ ਔਰਤ ਨਾਲ ਜਾਣ ਪਛਾਣ ਹੋ ਗਈ । ਕਮਲਜੀਤ ਕੌਰ ਨੇ ਕਿਹਾ ਕਿ ਮੈਂ ਤੇਰੇ ਭਰਾ ਨਾਲ ਵਿਆਹ ਕਰਵਾ ਕੇ ਉਸ ਨੂੰ ਕੈਨੇਡਾ ਲੈ ਕੇ ਆਵਾਂਗੀ ਜਿਸ ਸੰਬੰਧੀ ਦੋਨਾਂ ਧਿਰਾਂ ਦੀ 28 ਲੱਖ ’ਚ ਗੱਲ ਤੈਅ ਹੋਈ ਸੀ। ਇਸ ਸੰਬੰਧੀ ਦਰਖਾਸਤੀ ਵੱਲੋਂ ਪਿੰਡ ਰਛੀਨ ਵਿਖੇ ਜਾ ਕੇ 14 ਲੱਖ 11 ਹਜ਼ਾਰ ਰੁਪਏ ਉਸ ਨੂੰ ਕੈਸ਼ ਦਿੱਤੇ ਗਏ ਫਿਰ ਮਿਤੀ 11ਜੂਨ 2019 ਨੂੰ ਕਮਲਜੀਤ ਕੌਰ ਦੇ ਅਕਾਊਂਟ ਨੰਬਰ ਜੋ ਕੈਨੇਡਾ ਸਰੀ ਬੀ .ਸੀ ਵਿਚ ਹੈ ,ਉਸ ਵਿਚ 10 ਲੱਖ 49 ਹਜ਼ਾਰ 367 ਰੁਪਏ ਟਰਾਂਸਫਰ ਕੀਤੇ ਗਏ ਸਨ ਅਤੇ ਫਿਰ ਉਸ ਤੋਂ ਬਾਅਦ ਦਰਖਾਸਤੀ ਦੇ ਪਿਤਾ ਸੁਰਜੀਤ ਸਿੰਘ ਦੇ ਅਕਾਊਂਟ ਵਿਚੋਂ 2 ਲੱਖ 23ਹਜ਼ਾਰ 850 ਰੁਪਏ ਟਰਾਂਸਫਰ ਕੀਤੇ ਗਏ ਸਨ। ਕਮਲਜੀਤ ਕੌਰ ਨੇ ਦਰਖਾਸਤੀ ਗੁਰਵਿੰਦਰ ਸਿੰਘ ਪਾਸੋਂ ਕੁੱਲ 24 ਲੱਖ 75 ਹਜ਼ਾਰ ਰੁਪਏ ਲੈ ਕੇ ਉਸ ਨੂੰ ਨਾ ਤਾਂ ਕੈਨੇਡਾ ਲੈ ਕੇ ਗਈ ਅਤੇ ਨਾ ਹੀ ਹੁਣ ਤੱਕ ਕੋਈ ਪੈਸਾ ਵਾਪਸ ਕੀਤਾ।
ਇਸ ਤਰ੍ਹਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ ਜਿਸ ’ਤੇ ਐੱਸ. ਐੱਸ. ਪੀ. ਲੁਧਿਆਣਾ ਦਿਹਾਤੀ ਵੱਲੋਂ ਲੰਬੀ ਪੜਤਾਲ ਉਪਰੰਤ ਕਮਲਜੀਤ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਰਛੀਨ ਹਾਲ ਵਾਸੀ ਕੈਨੇਡਾ, ਜਸਪਾਲ ਕੌਰ ਪਤਨੀ ਜਸਵੰਤ ਸਿੰਘ, ਜਸਵੰਤ ਸਿੰਘ ਪੁੱਤਰ ਸੰਤੋਖ ਸਿੰਘ ਦੋਵੇਂ ਵਾਸੀ ਰਛੀਨ ਵਿਰੁੱਧ ਭਾਰਤੀ ਥਾਣਾ ਸਦਰ ਰਾਏਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ । ਇਸ ਮਾਮਲੇ ਸੰਬੰਧੀ ਜਦੋਂ ਥਾਣਾ ਸਦਰ ਰਾਏਕੋਟ ਦੇ ਐੱਸ. ਐੱਚ. ਓ. ਜਸਪਾਲ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਈ .ਓ ਵਿੰਗ ਅਤੇ ਐੱਸ. ਪੀ (ਡੀ) ਵੱਲੋਂ ਜਾਂਚ ਕਰਨ ਉਪਰੰਤ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।