ਕੈਨੇਡਾ ਜਾਣ ਦੇ ਸੁਫ਼ਨੇ ਟੁੱਟੇ, ਨਹੀਂ ਪਤਾ ਸੀ ਹੋਵੇਗਾ ਇਹ ਕੁੱਝ
Thursday, Feb 13, 2025 - 02:07 PM (IST)
![ਕੈਨੇਡਾ ਜਾਣ ਦੇ ਸੁਫ਼ਨੇ ਟੁੱਟੇ, ਨਹੀਂ ਪਤਾ ਸੀ ਹੋਵੇਗਾ ਇਹ ਕੁੱਝ](https://static.jagbani.com/multimedia/2024_12image_13_57_310439562airport.jpg)
ਬੰਗਾ (ਸੰਜੀਵ ਭਨੋਟ) : ਥਾਣਾ ਮੁਕੰਦਪੁਰ ਪੁਲਸ ਵੱਲੋਂ ਵਿਦੇਸ਼ ਭੇਜਣ ਦੇ ਨਾਮ 'ਤੇ 4 ਲੱਖ ਦੀ ਮਾਰੀ ਠੱਗੀ ਤਹਿਤ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੀਨੀਅਰ ਪੁਲਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਨੂੰ ਨਵੰਬਰ 2024 ਵਿਚ ਦਿੱਤੀ ਆਪਣੀ ਸ਼ਿਕਾਇਤ 'ਚ ਅਸ਼ੋਕ ਕੁਮਾਰ ਪੁੱਤਰ ਗੁਰਬਖਸ਼ ਨਿਵਾਸੀ ਸ਼ੇਖੂਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਕੈਨੇਡਾ ਘੁੰਮਣ ਦਾ ਇਛੁੱਕ ਸੀ। ਉਸ ਨੇ ਦੱਸਿਆ ਕਿ ਉਸ ਨੂੰ ਉਸਦੇ ਦੋਸਤ ਹਰਪ੍ਰੀਤ (ਹੈਪੀ) ਪਿੰਡ ਮੱਲੂਪੋਤਾ ਨੇ ਦੱਸਿਆ ਕਿ ਉਸ ਦਾ ਇਕ ਦੋਸਤ ਜੋ ਕੈਨੇਡਾ ਭੇਜਣ ਦਾ ਕੰਮ ਕਰਦਾ ਹੈ ਤਾਂ ਉਸ ਨੇ ਹਰਪ੍ਰੀਤ ਨੂੰ ਕਿਹਾ ਕਿ ਉਹ ਉਕਤ ਦੋਸਤ ਨਾਲ ਗੱਲਬਾਤ ਕਰੇ ਉਸਨੇ ਵੀ ਕੈਨੇਡਾ ਜਾਣ ਦੀ ਫਾਈਲ ਲਗਾਉਣੀ ਹੈ। ਉਸ ਨੇ ਦੱਸਿਆ ਕਿ ਹਰਪ੍ਰੀਤ ਨੇ ਉਸ ਨੂੰ ਕਿਹਾ ਕਿ ਉਸ ਦੇ ਦੋਸਤ ਨੇ 7 ਲੱਖ ਰੁਪਏ ਲੈਣੇ ਹਨ ਅਤੇ ਉਹ ਉਸਨੂੰ ਕੈਨੇਡਾ ਭੇਜ ਦੇਵੇਗਾ।
ਇਸ 'ਤੇ ਉਹ ਉਸਦੀ ਗੱਲ ਨਾਲ ਸਹਿਮਤ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦਾ ਦੋਸਤ ਉਸ ਪਾਸੋਂ ਕੈਨੇਡਾ ਭੇਜਣ ਲਈ ਥੋੜੇ ਥੋੜੇ ਪੈਸੇ ਲਵੇਗਾ ਅਤੇ ਕੈਨੇਡਾ ਨਾ ਭੇਜਣ ਦੀ ਸੂਰਤ ਵਿਚ ਸਮੇਤ ਵਿਆਜ ਸਮੇਤ ਪੈਸੇ ਵਾਪਿਸ ਕਰੇਗਾ। ਉਪੰਰਤ ਉਸ ਨੇ ਹੈਪੀ ਨੂੰ ਵੱਖ-ਵੱਖ ਤਾਰੀਖਾਂ ਨੂੰ 4 ਲੱਖ ਰੁਪਏ ਦਿੱਤੇ ਪਰ ਹਰਪ੍ਰੀਤ ਉਰਫ ਹੈਪੀ ਨੇ ਨਾ ਤਾ ਉਸ ਦਾ ਕੇਸ ਲਗਵਾਇਆ ਅਤੇ ਨਾ ਹੀ ਉਸ ਨੂੰ ਕੁਝ ਦੱਸਿਆ। ਇਸ ਦੌਰਾਨ ਜਦੋਂ ਉਸ ਨੇ ਵਾਰ-ਵਾਰ ਹੈਪੀ ਨੂੰ ਪੁੱਛਿਆ ਤਾਂ ਉਸਨੇ ਕਿਹਾ ਉਸ ਦਾ ਕੇਸ ਖਾਰਜ਼ ਹੋ ਗਿਆ ਹੈ ਜਦਕਿ ਉਸਨੂੰ ਲੋਕਾਂ ਤੋਂ ਪਤਾ ਲੱਗਾ ਕਿ ਬਿਨਾਂ ਬਾਈਓਮੈਟ੍ਰਿਕ ਤੋਂ ਕੈਨੇਡਾ ਲਈ ਅਪਲਾਈ ਨਹੀਂ ਹੁੰਦਾ ਅਤੇ ਹੈਪੀ ਨੇ ਉਸ ਦਾ ਕਦੇ ਵੀ ਬਾਈਓਮੈਟ੍ਰਿਕ ਨਹੀਂ ਕਰਵਾਇਆ। ਉਸ ਦੇ ਵਾਰ ਵਾਰ ਕਹਿਣ 'ਤੇ ਵੀ ਹੈਪੀ ਨੇ ਉਸ ਨੂੰ ਕਿਸੇ ਹੋਰ ਵਿਅਕਤੀ ਦੇ ਖਾਤੇ ਦਾ ਡੇਢ ਲੱਖ ਰੁਪਏ ਦਾ ਚੈੱਕ ਦੇ ਦਿੱਤਾ ਜੋ ਬੈਂਕ ਵਿਚ ਪੈਸੇ ਨਾ ਹੋਣ ਕਾਰਨ ਖਾਰਜ ਹੋ ਗਿਆ ਅਤੇ ਉਸ ਨੇ ਇਸ ਦੀ ਜਾਣਕਾਰੀ ਹੈਪੀ ਨੂੰ ਦਿੱਤੀ। ਹੈਪੀ ਨੂੰ ਪੈਸੇ ਮੋੜਨ ਨੂੰ ਕਿਹਾ ਤਾਂ ਉਸ ਨੇ ਕਿਹਾ ਕਿ ਉਸ ਦੀ ਪਹਿਚਾਣ ਉਪਰ ਤੱਕ ਹੈ ਕੋਈ ਵੀ ਅਧਿਕਾਰੀ ਉਸ ਦਾ ਕੁਝ ਨਹੀਂ ਵਿਗਾੜ ਸਕਦਾ ਅਤੇ ਉਸ ਨੂੰ ਧਮਕੀਆਂ ਦਿੱਤੀਆ।
ਦੂਜੇ ਪਾਸੇ ਸੀਨੀਅਰ ਪੁਲਸ ਕਪਤਾਨ ਨੇ ਮਿਲੀ ਸ਼ਿਕਾਇਤ 'ਤੇ ਉਕਤ ਸਾਰੇ ਮਾਮਲੇ ਦੀ ਜਾਂਚ ਡੀ. ਐੱਸ. ਪੀ. (ਸੀ ਏ ਡਬਯੂ) ਪਾਸੋਂ ਕਰਵਾਈ ਅਤੇ ਉਨ੍ਹਾਂ ਵੱਲੋਂ ਮਿਲੀ ਰਿਪੋਰਟ ਅਤੇ ਨੱਥੀ ਸਬੂਤਾਂ ਉਪੰਰਤ ਡੀ. ਏ ਲੀਗਲ ਦੀ ਸਲਾਹ ਉਪਰੰਤ ਮੁਕੰਦਪੁਰ ਪੁਲਸ ਨੂੰ ਉਕਤ ਵਿਅਕਤੀ ਖ਼ਿਲਾਫ ਕੀਤੀ ਠੱਗੀ ਤਹਿਤ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਥਾਣਾ ਮੁਕੰਦਪੁਰ ਪੁਲਸ ਵੱਲੋਂ ਹਰਪ੍ਰੀਤ (ਹੈਪੀ) ਪੁੱਤਰ ਨਰਿੰਦਰ ਸਿੰਘ ਨਿਵਾਸੀ ਮੱਲੂਪੋਤਾ ਖ਼ਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।