ਡਾ. ਮਨੋਜ ਬਾਲਾ ਨੇ ਨਸ਼ਿਆਂ ਵਿਰੁੱਧ ਪਹਿਲਾ ਫਾਰਮ ਭਰ ਕੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦਾ ਕੀਤਾ ਅਗਾਜ
Friday, Mar 23, 2018 - 05:28 PM (IST)

ਮਾਨਸਾ (ਮਨਜੀਤ ਕੌਰ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਨਸ਼ਾ ਛੱਡੋ ਮੁਹਿੰਮ ਦਾ ਅਗਾਜ ਅੱਜ ਪੂਰੇ ਪੰਜਾਬ ਵਿਚ ਕੀਤਾ ਗਿਆ। ਜਿਸ ਤਹਿਤ ਅੱਜ ਸਾਂਝ ਕੇਂਦਰ ਸਬ ਡਵੀਜਨ ਮਾਨਸਾ ਵਲੋਂ ਲਗਾਏ ਕੈਂਪ ਦੌਰਾਨ ਕਾਂਗਰਸ ਪਾਰਟੀ ਹਲਕਾ ਮਾਨਸਾ ਦੀ ਸੇਵਾਦਾਰ ਡਾ. ਮਨੋਜ ਬਾਲਾ ਬਾਂਸਲ ਵਲੋਂ ਪਹਿਲਾ ਫਾਰਮ ਭਰ ਕੇ ਪੰਜਾਬ ਸਰਕਾਰ ਵਲੋਂ ਵਿੱਢੀ ਡੈਪੋ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦੀ ਦਿਹਾੜੇ ਤੇ ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਮੁਹਿੰਮ ਦਾ ਇਕ ਹਿੱਸਾ ਬਣਦਿਆਂ ਮਾਨਸਾ ਹਲਕੇ ਦੇ ਘਰ ਘਰ ਜਾ ਕੇ ਨਸ਼ਾ ਛੱਡਣ ਮੁਹਿੰਮ ਲਈ ਪ੍ਰੇਰਿਤ ਕਰਾਂਗੇ ਤਾਂ ਕਿ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨਾਲ ਵੱਧ ਤੋਂ ਵੱਧ ਜੁੜ ਕੇ ਪੰਜਾਬ ਦੇ ਸੁਨਹਿਰੇ ਭਵਿੱਖ ਨੂੰ ਉਜਵਲ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਛੁਡਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਜਿਸ ਨੂੰ ਲੈ ਕੇ ਮਾਨਸਾ ਜ਼ਿਲੇ ਵਿਚ ਨਸ਼ਾ ਛੁਡਾਓ ਕੇਂਦਰ ਬਣਿਆ ਹੋਇਆ ਹੈ। ਅਖੀਰ 'ਚ ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ। ਇਸ ਮੌਕੇ ਡੀ.ਐੱਸ.ਪੀ ਕਰਨਵੀਰ ਸਿੰਘ, ਐੱਸ.ਐੱਚ.ਓ ਸਿਟੀ 1 ਪਰਮਜੀਤ ਸਿੰਘ ਸੰਧੂ, ਸਾਂਝ ਕੇਂਦਰ ਦੇ ਸਹਾਇਕ ਥਾਣੇਦਾਰ ਸੁਖਦਰਸ਼ਨ ਸਿੰਘ, ਏ.ਐੱਸ.ਆਈ ਰੌਣਕ ਰਾਮ, ਸਮਰਾਟਵੀਰ ਸਿੰਘ, ਜਸਵੀਰ ਸਿੰਘ, ਅਜੈਬ ਸਿੰਘ, ਕਿਰਨਜੀਤ ਕੌਰ ਲੇਡੀਜ਼ ਕਾਂਸਟੇਬਲ, ਬੇਅੰਤ ਕੌਰ ਤੋਂ ਇਲਾਵਾ ਕਾਂਗਰਸੀ ਆਗੂ ਅਤੇ ਵਰਕਰ ਵੀ ਹਾਜ਼ਰ ਸਨ।