ਭੱਟੀਵਾਲ ਕਲਾਂ ''ਚ ਕੈਬਨਿਟ ਮੰਤਰੀ ਸਿੰਗਲਾ ਦਾ ਕਾਲੀਆਂ ਝੰਡੀਆਂ ਨਾਲ ਕੀਤਾ ਵਿਰੋਧ
Friday, Jan 28, 2022 - 07:15 PM (IST)
ਭਵਾਨੀਗੜ੍ਹ (ਵਿਕਾਸ) : ਚੋਣ ਪ੍ਰਚਾਰ 'ਚ ਜੁੱਟੇ ਕਾਂਗਰਸ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਅੱਜ ਹਲਕੇ ਦੇ ਪਿੰਡ ਭੱਟੀਵਾਲ ਕਲਾਂ 'ਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਿੰਗਲਾ ਇੱਥੇ ਰਵਿਦਾਸ ਮੰਦਿਰ ਕੋਲ ਬਣੇ ਸ਼ੈੱਡਾਂ ’ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ ਤਾਂ ਇਸ ਦੌਰਾਨ ਵੱਡੀ ਗਿਣਤੀ ’ਚ ਇਕੱਤਰ ਹੋਏ ਪਿੰਡ ਵਾਸੀਆਂ ਨੇ ਸਿੰਗਲਾ ਦਾ ਘਿਰਾਓ ਕਰਦਿਆਂ ਹੱਥਾਂ 'ਚ ਕਾਲੀਆਂ ਝੰਡੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਂਗਰਸ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਅਮਰਜੀਤ ਸਿੰਘ ਬੱਬੀ, ਸਿੰਦਰਪਾਲ, ਅਮਰੀਕ ਸਿੰਘ, ਲਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਜੀਤ ਸਿੰਘ, ਸ਼ੇਰ ਸਿੰਘ, ਗਗਨਦੀਪ ਸਿੰਘ, ਪੁਸ਼ਪਿੰਦਰ ਸਿੰਘ, ਪ੍ਰਿੰਸ ਸਿੰਘ ਆਦਿ ਨੇ ਦੋਸ਼ ਲਗਾਇਆ ਕਿ 5 ਸਾਲ ਸਰਕਾਰ 'ਚ ਕੈਬਨਿਟ ਮੰਤਰੀ ਦੇ ਅਹੁਦੇ 'ਤੇ ਰਹਿੰਦਿਆਂ ਸਿੰਗਲਾ ਨੇ ਉਨ੍ਹਾਂ ਦੇ ਪਿੰਡ ਨੂੰ ਵਿਕਾਸ ਕਾਰਜਾਂ ਲਈ ਕੋਈ ਵੀ ਗ੍ਰਾਂਟ ਨਹੀਂ ਦਿੱਤੀ ਤਾਂ ਹੁਣ ਕਾਂਗਰਸੀ ਮੰਤਰੀ ਵੱਲੋਂ ਕਿਹੜੇ ਮੂੰਹ ਨਾਲ ਪਿੰਡ 'ਚੋਂ ਖੁਦ ਲਈ ਵੋਟਾਂ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ।
ਕਾਂਗਰਸੀ ਮੰਤਰੀ ਪਹੁੰਚੇ ਵੋਟਾਂ ਮੰਗਣ ਪਰ ਅੱਗੋ ਲੋਕ ਹੋਗੇ ਇਕੱਠੇ ਤੇ ਲੱਗੇ ਮੁਰਦਾਬਾਦ ਦੇ ਨਾਅਰੇ!ਕਾਂਗਰਸੀ ਮੰਤਰੀ ਪਹੁੰਚੇ ਵੋਟਾਂ ਮੰਗਣ ਪਰ ਅੱਗੋ ਲੋਕ ਹੋਗੇ ਇਕੱਠੇ ਤੇ ਲੱਗੇ ਮੁਰਦਾਬਾਦ ਦੇ ਨਾਅਰੇ! #Vijayindersingla #Congress #Chiniwal #Protest #Punjab #Election2022 #Channi
Posted by JagBani on Friday, January 28, 2022
ਉਨ੍ਹਾਂ ਕਿਹਾ ਕਿ ਸਿੰਗਲਾ ਨੇ ਪਹਿਲਾਂ ਕਦੇ ਵੀ ਪਿੰਡ ਦਾ ਗੇੜਾ ਨਹੀਂ ਮਾਰਿਆ ਅਤੇ ਨਾ ਹੀ ਪਿੰਡ ਦੇ ਲੋਕਾਂ ਦੀ ਕੋਈ ਸਾਰ ਲੈਣ ਦੀ ਸੋਚੀ ਇਸ ਕਰਕੇ ਰੋਸ ਵੱਜੋਂ ਲੋਕਾਂ ਵੱਲੋਂ ਅੱਜ ਸਿੰਗਲਾ ਦਾ ਡੱਟਵਾਂ ਵਿਰੋਧ ਕੀਤਾ ਜਾ ਰਿਹਾ ਹੈ ਜੋ ਅੱਗੇ ਵੀ ਜਾਰੀ ਰਹੇਗਾ।
ਸਮਰਥਕਾਂ ਨੇ ਵੀ ਸਿੰਗਲਾ ਦੇ ਹੱਕ 'ਚ ਲਾਏ ਨਾਅਰੇ
ਦੂਜੇ ਪਾਸੇ ਜਦੋਂ ਸਿੰਗਲਾ ਨੂੰ ਆਪਣੇ ਖਿਲਾਫ਼ ਵਿਰੋਧ ਹੋਣ ਸਬੰਧੀ ਭਿਣਕ ਪਈ ਤਾਂ ਉਨ੍ਹਾਂ ਦਾ ਕਾਫਲਾ ਰਸਤਾ ਬਦਲ ਕੇ ਪਿੰਡ 'ਚ ਰੱਖੇ ਪ੍ਰੋਗਰਾਮ 'ਚ ਪਹੁੰਚਿਆ ਪਰ ਵਿਰੋਧ ਕਰਨ ਲਈ ਤਿਆਰ ਖੜੇ ਲੋਕਾਂ ਨੂੰ ਇਸ ਬਾਰੇ ਜਿਵੇਂ ਹੀ ਪਤਾ ਲੱਗਿਆ ਤਾਂ ਉਹ ਪੈਦਲ ਮਾਰਚ ਕਰਦੇ ਹੋਏ ਸਿੰਗਲਾ ਦੇ ਪ੍ਰੋਗਰਾਮ ਵਾਲੀ ਜਗ੍ਹਾ ਨੇੜੇ ਪਹੁੰਚ ਗਏ, ਜਿੱਥੇ ਉਨ੍ਹਾਂ ਕਾਲੀਆਂ ਝੰਡੀਆਂ ਨਾਲ 'ਗਾਲ ਮੰਤਰੀ' ਤੇ 'ਵਿਨਾਸ਼ ਮੰਤਰੀ' ਜਿਹੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਸਿੰਗਲਾ ਦੇ ਸਮਰਥਕ ਵੀ ਤੈਸ਼ 'ਚ ਆ ਗਏ ਜਿੰਨਾਂ ਨੇ ਪ੍ਰਦਰਸ਼ਨਕਾਰੀਆਂ ਦੇ ਸਾਹਮਣੇ ਹੁੰਦਿਆਂ ਕਾਂਗਰਸ ਸਰਕਾਰ ਅਤੇ ਵਿਜੇਇੰਦਰ ਸਿੰਗਲਾ ਜਿੰਦਾਬਾਦ ਦੇ ਨਾਅਰੇ ਲਗਾਏ। ਜਿਸ ਕਰਕੇ ਪੁਲਸ ਦੀ ਮੌਜੂਦਗੀ 'ਚ ਪਿੰਡ ’ਚ ਕਰੀਬ ਪੌਣਾ ਘੰਟੇ ਸਥਿਤੀ ਤਣਾਅਪੂਰਨ ਬਣੀ ਰਹੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਿੰਗਲਾ ਨੂੰ ਪ੍ਰਚਾਰ ਨਹੀਂ ਕਰਨ ਦਿੱਤਾ ਜਿਸ ਕਰਕੇ ਮਹਿਜ 2-3 ਮਿੰਟਾਂ ਦੇ ਸੰਬੋਧਨ ਤੋਂ ਬਾਅਦ ਹੀ ਸਿੰਗਲਾ ਆਪਣੀ ਮੁੱਖ ਕਾਰ ਰਾਹੀਂ ਜਾਣ ਦੀ ਬਜਾਏ ਬਦਲਵੀ ਗੱਡੀ ’ਚ ਬੈਠ ਕੇ ਪਿੰਡ 'ਚੋਂ ਰਵਾਨਾ ਹੋ ਗਏ।