ਸੂਬੇ ਦੇ ਵਿਕਾਸ ਲਈ ਸਨਅਤਾਂ ਜ਼ਰੂਰੀ, ਪਰ ਵਾਤਾਵਰਣ ਨਾਲ ਕੋਈ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ : ਮੀਤ ਹੇਅਰ

Saturday, Sep 03, 2022 - 04:24 PM (IST)

ਚੰਡੀਗੜ੍ਹ : ਸੂਬੇ ਦੇ ਉਦਯੋਗਿਕ ਵਿਕਾਸ ਲਈ ਸਨਅਤਾਂ ਦੀ ਅਹਿਮ ਭੂਮਿਕਾ ਹੈ ਪਰ ਇਸ ਦੇ ਨਾਲ ਹੀ ਵਾਤਾਵਰਣ ਨਾਲ ਕਿਸੇ ਨੂੰ ਵੀ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਇਹ ਗੱਲ ਵਾਤਾਵਰਣ ਤੇ ਸਾਇੰਸ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੱਪੜਾ ਰੰਗਾਈ ਉਦਯੋਗ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕਹੀ। ਮੀਟਿੰਗ ਦੌਰਾਨ ਉਦਯੋਗਪਤੀਆਂ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਚ ਪੂਰਨ ਸਹਿਯੋਗ ਭਰੋਸਾ ਦੇਣ ਦੀ ਗੱਲ ਵੀ ਕਹੀ।

ਮੰਤਰੀ ਨੇ ਵੀ ਉਦਯੋਗਪਤੀਆਂ ਨੂੰ ਭਰੋਸਾ ਦੁਵਾਇਆ ਕਿ ਉਨ੍ਹਾਂ ਨੂੰ ਵਿਭਾਗ ਵੱਲੋਂ ਬੇਲੋੜਾ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਜਿਸ ਸਬੰਧੀ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਦਯੋਗ ਪੱਖੀ ਮਾਹੌਲ ਸਿਰਜਿਆ ਜਾਵੇ। ਮੀਤ ਹੇਅਰ ਨੇ ਕਿਹਾ ਕਿ ਚੌਗਿਰਦੇ ਦੀ ਸਾਂਭ-ਸੰਭਾਲ ਸਾਡੀ ਸਾਰਿਆਂ ਦੀ ਸਾਂਝੀ ਜ਼ਿਮੇਵਾਰੀ ਹੈ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ-ਸੁਥਰਾ ਵਾਤਾਵਰਣ ਛੱਡ ਕੇ ਜਾਣਾ ਸਭ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪ੍ਰਦੂਸ਼ਣ ਦੀ ਰੋਕਥਾਮ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਇਕ ਵਾਰ ਵਰਤੋਂ ਵਾਲੇ ਪਲਾਸਟਿਕ 'ਤੇ ਪੂਰਨ ਪਾਬੰਦੀ ਦੇ ਨਾਲ ਸਨਅਤੀ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਅਤੇ ਬੁੱਢਾ ਦਰਿਆ ਦੀ ਸਫ਼ਾਈ ਸਮੇਤ ਹੋਰ ਕਈ ਪ੍ਰਾਜੈਕਟ ਸ਼ੁਰੂ ਕੀਤੇ ਹਨ। ਸਨਅਤੀ ਨੁਮਾਇੰਦਿਆਂ ਨੇ ਵਾਤਾਵਰਣ ਤੇ ਸਾਇੰਸ ਤਕਨਾਲੋਜੀ ਮੰਤਰੀ ਨੂੰ ਭਰੋਸਾ ਦੁਆਇਆ ਕਿ ਸਰਕਾਰ ਦੀਆਂ ਕੋਸ਼ਿਸ਼ਾਂ 'ਚ ਪੂਰਾ ਸਾਥ ਦਿੱਤਾ ਜਾਵੇਗਾ। ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਜਿਨ੍ਹਾਂ ਸਨਅਤਾਂ ਵੱਲੋਂ ਟਰੀਟਮੈਂਟ ਪਲਾਂਟ ਲਗਾਏ ਗਏ ਹਨ, ਉਨ੍ਹਾਂ ਨੂੰ ਸੋਧੇ ਹੋਏ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ।

ਮੀਤ ਹੇਅਰ ਨੇ ਇਹ ਗੱਲ ਮੁੜ ਦੁਹਰਾਉਂਦਿਆ ਕਿਹਾ ਕਿ ਵਾਤਾਵਰਣ ਪ੍ਰਤੀ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਜਿਹੜੀਆਂ ਸਨਅਤਾਂ ਸਾਰੇ ਨਿਯਮਾਂ ਦਾ ਪਾਲਣ ਕਰਦੀਆਂ ਹਨ, ਉਨ੍ਹਾਂ ਦੀ ਜਾਇਜ਼ ਮੰਗਾਂ ਦੇ ਹੱਲ ਲਈ ਵਿਭਾਗ ਵੱਲੋਂ ਸਕਰਾਤਮਕ ਰੁਖ ਅਪਣਾਇਆ ਜਾਵੇਗਾ। ਮੀਟਿੰਗ 'ਚ ਕੱਪੜਾ ਰੰਗਾਈ ਉਦਯੋਗ ਦੇ ਨੁਮਾਇੰਦਿਆਂ 'ਚ ਅਦਿਤਿਆ ਕੰਵਰ, ਵਿਵੇਕ ਸ਼ਰਮਾ, ਨੀਰਜ ਅਬੋਟ, ਐੱਚ. ਕੇ. ਸਿੰਘਲ, ਐੱਸ. ਕੇ. ਸ਼ਰਮਾ. ਸਾਂਚਿਤ ਸੂਦ, ਨੰਦਨ ਜੈਨ ਤੇ ਚੇਤੰਨਿਆ ਡਾਵਰ ਹਾਜ਼ਰ ਸਨ।
 


Babita

Content Editor

Related News