'ਆਪਰੇਸ਼ਨ ਲੋਟਸ' 'ਤੇ ਭਖੀ ਸਿਆਸਤ, ਹਰਪਾਲ ਚੀਮਾ ਦਾ ਦਾਅਵਾ- ਸਬੂਤਾਂ ਸਮੇਤ DGP ਨਾਲ ਕਰਨਗੇ ਮੁਲਾਕਾਤ

Wednesday, Sep 14, 2022 - 01:56 PM (IST)

'ਆਪਰੇਸ਼ਨ ਲੋਟਸ' 'ਤੇ ਭਖੀ ਸਿਆਸਤ, ਹਰਪਾਲ ਚੀਮਾ ਦਾ ਦਾਅਵਾ- ਸਬੂਤਾਂ ਸਮੇਤ DGP ਨਾਲ ਕਰਨਗੇ ਮੁਲਾਕਾਤ

ਚੰਡੀਗੜ੍ਹ : ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਮੰਤਰੀ ਚੀਮਾ ਨੇ ਕਿਹਾ ਕਿ ਭਾਜਪਾ ਜੋ ਆਪ੍ਰੇਸ਼ਨ ਲੋਟਸ ਤਹਿਤ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਤੋੜਣ ਦੀ ਕੋਸ਼ਿਸ਼ ਕਰ ਰਹੀ ਹੈ , ਉਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਚੀਮਾ ਨੇ ਤਿੱਖੇ ਸ਼ਬਦਾਂ 'ਚ ਕਿਹਾ ਕਿ ਸੂਬਿਆਂ ਦੇ ਲੋਕ ਨਹੀਂ ਚਾਹੁੰਦੇ ਕੇ ਭਾਜਪਾ ਸੱਤਾ 'ਚ ਆਵੇ, ਜਿਸ ਦੇ ਚੱਲਦਿਆਂ ਭਾਜਪਾ ਵਿਧਾਇਕਾਂ ਦੀ ਖਰੀਦ ਕਰਦੀ ਹੈ। ਭਾਜਪਾ ਚੋਰ-ਮੋਰੀ ਤੇ ਪੈਸੇ ਰਾਹੀਂ, ਸੀ.ਜੀ.ਆਈ ਤੇ ਈ.ਡੀ. ਦੇ ਜ਼ੋਰ ਤੋਂ ਇਲਾਵਾ ਹੋਰ ਗੈਰ-ਕਾਨੂੰਨੀ ਢੰਗਾਂ ਨਾਲ ਵਿਧਾਇਕਾਂ ਨੂੰ ਤੋੜ ਕੇ ਆਪਣੀ ਸਰਕਾਰ ਬਣਾਉਂਦੀ ਹੈ। ਇਸ ਦੇ ਨਾਲ ਹੀ ਮੰਤਰੀ ਚੀਮਾ ਨੇ ਦੱਸਿਆ ਕਿ ਭਾਜਪਾ ਪੰਜਾਬ 'ਚ ਆਪਣੇ ਆਪ੍ਰੇਸ਼ਨ ਲੋਟਸ ਤਹਿਤ ਹੁਣ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਤੱਕ ਪਹੁੰਚ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਨੂੰ ਭਾਜਪਾ ਵੱਲੋਂ ਧਮਕਾਇਆ ਜਾ ਚੁੱਕਾ ਹੈ ਅਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਵਿੰਦਰ ਕੌਰ ਤੱਕ ਵੀ ਪਹੁੰਚ ਕੀਤੀ ਗਈ ਹੈ। ਹਾਲਾਂਕਿ ਉਨ੍ਹਾਂ ਬਾਕੀ ਵਿਧਾਇਕਾਂ ਦਾ ਨਾਂ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ। 

ਇਹ ਵੀ ਪੜ੍ਹੋ- 80 ਸਾਲਾ ਮਾਂ ਨੂੰ ਘਰੋਂ ਕੱਢਣ ਵਾਲੇ ਪੁੱਤਾਂ ਨੂੰ ਅਦਾਲਤ ਨੇ ਸਿਖਾਇਆ ਸਬਕ, ਇਕ ਗ੍ਰਿਫ਼ਤਾਰ, ਦੂਜਾ ਫ਼ਰਾਰ

ਹਰਪਾਲ ਚੀਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਭਾਜਪਾ ਵੱਲੋਂ ਦਿੱਤੇ ਗਏ ਸਾਰੀਆਂ ਧਮਕੀਆਂ ਦੇ ਸਬੂਤ ਹਨ ਅਤੇ ਜਿਨ੍ਹਾਂ ਵਿਧਾਇਕਾਂ ਤੱਕ ਭਾਜਪਾ ਵੱਲੋਂ ਪਹੁੰਚ ਕੀਤੀ ਗਈ ਹੈ, ਉਹ ਉਨ੍ਹਾਂ ਨੂੰ ਨਾਲ ਲੈ ਕੇ ਸਬੂਤਾਂ ਸਮੇਤ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਸਾਰੇ ਸਬੂਤਾਂ ਨੂੰ ਸ਼ਿਕਾਇਤ ਦੇ ਆਧਾਰ 'ਤੇ ਪੰਜਾਬ ਡੀ.ਜੀ.ਪੀ. ਅੱਗੇ ਪੇਸ਼ ਕੀਤਾ ਜਾਵੇਗਾ ਅਤੇ ਭਾਜਪਾ ਦੇ ਉਨ੍ਹਾਂ ਭ੍ਰਿਸ਼ਟ ਆਗੂਆਂ ਖ਼ਿਲਾਫ਼ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ ਜਾਵੇਗੀ, ਜਿਨ੍ਹਾਂ ਨੇ ਆਪ੍ਰੇਸ਼ਨ ਲੋਟਸ ਤਹਿਤ ਵਿਧਾਇਕਾਂ ਨੂੰ ਧਮਕਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਉਹ ਪਾਰਟੀ ਹੈ ਜੋ ਪਹਿਲਾਂ ਤੋਂ ਹੀ ਲੋਕਤੰਤਰ ਦਾ ਕਤਲ ਕਰਦੀ ਆਈ ਹੈ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਰਕਰ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਡਟ ਕੇ ਵਿਰੋਧ ਕਰੇਗੀ। ਮੰਤਰੀ ਨੇ ਕਿਹਾ ਕਿ ਭਾਜਪਾ ਚਾਹੇ ਜਿੰਨੇ ਮਰਜ਼ੀ ਪੈਸੇ ਲੈ ਆਵੇ, ਆਮ ਆਦਮੀ ਪਾਰਟੀ ਸਿਰ ਨਹੀਂ ਝੁਕਾਵੇਗੀ। 

ਇਹ ਵੀ ਪੜ੍ਹੋ- 26 ਸਾਲ ਦੇ ਮੁੰਡੇ ਨੇ ਚੁੱਕਿਆ ਦਿਲ ਕੰਬਾਅ ਦੇਣ ਵਾਲਾ ਕਦਮ, ਮੌਤ ਤੋਂ ਪਹਿਲਾਂ ਵਟਸਐਪ ’ਤੇ ਪਾਇਆ ਸਟੇਟਸ

ਇਸ ਤੋਂ ਇਲਾਵਾ ਚੀਮਾ ਨੇ ਕਿਹਾ ਕਿ ਭਾਜਪਾ ਇਸ ਵੇਲੇ ਬੌਖਲਾਹਟ 'ਚ ਹੈ ਅਤੇ ਦੇਸ਼ ਭਰ 'ਚ ਆਮ ਆਦਮੀ ਪਾਰਟੀ ਹੀ ਹੈ ਜੋ ਭਾਜਪਾ ਨੂੰ ਟੱਕਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚੋਂ ਕਾਂਗਰਸ ਦਾ ਵਜੂਦ ਤਾਂ ਹੌਲੀ-ਹੌਲੀ ਖ਼ਤਮ ਹੋ ਹੀ ਰਿਹਾ ਪਰ ਭਾਜਪਾ ਦੀ ਕਾਰਗੁਜ਼ਾਰੀ ਤੋਂ ਵੀ ਲੱਗ ਰਿਹਾ ਹੈ ਕਿ ਇਸ ਦਾ ਵੀ ਜਲਦੀ ਖ਼ਾਤਮਾ ਹੋ ਜਾਵੇਗਾ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੰਤਰੀ ਨੇ ਕਿਹਾ ਕਿ ਫਿਲਹਾਲ ਪੰਜਾਬ ਡੀ.ਜੀ.ਪੀ. ਨੂੰ ਦਰਜ ਕਰਵਾਉਣ ਵਾਲੀ ਸ਼ਿਕਾਇਤ ਨੂੰ ਸਾਂਝਾ ਨਹੀਂ ਕੀਤਾ ਜਾ ਸਕਦਾ ਪਰ ਮੁਲਾਕਾਤ ਤੋਂ ਬਾਅਦ ਸ਼ਿਕਾਇਤ ਦੀ ਕਾਪੀ ਜਨਤਕ ਕੀਤੀ ਜਾਵੇਗੀ। ਦੱਸ ਦੇਈਏ ਕਿ ਬੀਤੇ ਦਿਨ ਵੀ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਸੀ ਕਿ ਭਾਜਪਾ ਆਪ੍ਰੇਸ਼ਨ ਲੋਟਸ ਨਾਲ ਪੰਜਾਬ 'ਚ ਆਮ ਆਦਮੀ ਪਾਰਟੀ ਦੇ 35 ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ 'ਚ ਹੈ।  

ਨੋਟ- ਇਸ ਖ਼ਬਰ ਸੰਬੰਧੀ ਆਪਣੇ  ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News