ਪੰਜਾਬ ''ਚ ਬਜ਼ੁਰਗਾਂ ਵੱਲੋਂ ਪ੍ਰਾਪਤ ਸ਼ਿਕਾਇਤਾਂ ਦਾ ਤੇਜ਼ੀ ਨਾਲ ਕੀਤਾ ਗਿਆ ਨਿਪਟਾਰਾ : ਡਾ. ਬਲਜੀਤ ਕੌਰ

09/22/2022 3:55:06 PM

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਵਚਨਬੱਧ ਹੈ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਟੋਲ ਫਰੀ ਹੈਲਪਲਾਈਨ ਨੰਬਰ 14567 ਰਾਹੀਂ ਬਜ਼ੁਰਗਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਬਜ਼ੁਰਗਾਂ ਦੀ ਹਮਦਰਦੀ ਨਾਲ ਸੇਵਾ ਕਰਕੇ ਖੁਸ਼ਹਾਲ ਅਤੇ ਸਿਹਤਮੰਦ ਸਹੂਲਤਾਂ ਦੇਣ ਲਈ ਵਚਨਬੱਧ ਹੈ।

ਇਹ ਹੈਲਪਲਾਈਨ ਪੰਜਾਬ ਦੇ ਬਜ਼ੁਰਗਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦੀ ਹੈ, ਜਿਸ ਕਾਰਨ ਬਜ਼ੁਰਗਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਆ ਰਹੇ ਹਨ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ ਨੂੰ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਦੇ ਬਜ਼ੁਰਗ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਟੋਲ ਫਰੀ ਨੰਬਰ 14567 'ਤੇ ਸੰਪਰਕ ਕਰ ਸਕਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਇਸ ਟੋਲ ਫਰੀ ਨੰਬਰ 'ਤੇ 61413 ਕਾਲਾਂ (ਸੇਵਾਯੋਗ ਅਤੇ ਗੈਰ-ਸੇਵਾਯੋਗ) ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਪ੍ਰਾਪਤ ਹੋਈਆ ਹਨ, ਜਿਨ੍ਹਾਂ ਵਿੱਚ 17235 ਕਾਲਾਂ (ਸੇਵਾਯੋਗ) 'ਤੇ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਇਸ ਨੰਬਰ 'ਤੇ 27893 ਗੈਰ-ਕਾਰਵਾਈ ਯੋਗ ਕਾਲਾਂ ਪ੍ਰਾਪਤ ਹੋਈਆ ਅਤੇ 16285 ਕਾਲਾਂ ਤੇ ਕੇਸਾਂ ਦੀ ਪੈਰਵੀ ਕੀਤੀ ਜਾ ਰਹੀ ਹੈ। ਸੇਵਾਯੋਗ ਕਾਲਾਂ ਜਿਨ੍ਹਾਂ ਵਿੱਚੋਂ ਪੜਤਾਲ ਸਬੰਧੀ 9413, ਪੈਨਸ਼ਨ ਨਾਲ ਸਬੰਧਿਤ 4587, ਕਾਨੂੰਨੀ 988, ਦੁਰਵਿਵਹਾਰ 535, ਕੋਵਿਡ ਸਹਾਇਤਾਂ 548 ਕਾਲਾਂ,  ਹੋਰ 389, ਸਿਹਤ ਸਬੰਧੀ 294, ਭਾਵਨਾਤਮਕ ਸਹਾਇਤਾਂ ਸਬੰਧੀ 210, ਓ. ਏ.ਐਚ ਸਬੰਧੀ 165, ਦੇਖਭਾਲ ਕਰਨ ਵਾਲੇ  52, ਬਚਾਓ 42, ਗਤੀਵਿਧੀ ਕੇਂਦਰ 10, ਵਲੰਟੀਅਰਿੰਗ 02 ਪ੍ਰਾਪਤ ਹੋਈਆਂ ਹਨ। 
 


Babita

Content Editor

Related News