ਵਿਜੀਲੈਂਸ ਬਿਊਰੋ ਵੱਲੋਂ CA ਗ੍ਰਿਫ਼ਤਾਰ, ਅਮਰੀਕਾ ਰਹਿੰਦੇ ਵਿਅਕਤੀ ਦਾ ਮਾਮਲਾ ਰਫ਼ਾ-ਦਫ਼ਾ ਕਰਨ ਵਾਸਤੇ ਲਏ ਸੀ 25 ਲੱਖ
Thursday, Apr 06, 2023 - 12:25 AM (IST)
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਚੰਡੀਗੜ੍ਹ ਵਿਖੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਨਾਂ ‘ਤੇ 26 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਲੁਧਿਆਣਾ ਦੇ ਚਾਰਟਰਡ ਅਕਾਊਂਟੈਂਟ (ਸੀ.ਏ.) ਅੰਕੁਸ਼ ਸਰੀਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਾਈਵੇਟ ਤੌਰ ‘ਤੇ ਪ੍ਰੈਕਟਿਸ ਕਰ ਰਹੇ ਉਕਤ ਸੀ.ਏ. ਵਿਰੁੱਧ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਆਮ ਆਦਮੀ ਪਾਰਟੀ ਲਈ 'ਟਰੰਪ ਕਾਰਡ' ਬਣ ਸਕਦੇ ਨੇ ਸੁਸ਼ੀਲ ਰਿੰਕੂ, ਕਾਂਗਰਸ ਲਈ ਝਟਕਾ, ਤਿਕੌਣਾ ਮੁਕਾਬਲਾ ਸੰਭਵ!
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਪਰਮਿੰਦਰ ਸਿੰਘ ਸਿੱਧੂ ਵਾਸੀ ਪਿੰਡ ਮਲਸੀਆਂ, ਜ਼ਿਲ੍ਹਾ ਲੁਧਿਆਣਾ ਨੇ ਦੋਸ਼ ਲਾਇਆ ਹੈ ਕਿ ਉਕਤ ਸੀ.ਏ. ਨੇ ਅਮਰੀਕਾ ਵਿਚ ਰਹਿੰਦੇ ਉਸ ਦੇ ਰਿਸ਼ਤੇਦਾਰ ਨੂੰ ਆਮਦਨ ਕਰ ਰਿਟਰਨ ਦੇ ਸਬੰਧ ਵਿਚ ਜਾਰੀ ਕੀਤੇ ਇਕ ਨੋਟਿਸ ਨੂੰ ਰਫ਼ਾ-ਦਫ਼ਾ ਕਰਨ ਦੇ ਇਵਜ਼ ’ਚ ਆਮਦਨ ਕਰ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਵਜੋਂ ਦੋ ਕਿਸ਼ਤਾਂ ਵਿਚ 26 ਲੱਖ ਰੁਪਏ ਵਸੂਲੇ ਸਨ।
ਇਹ ਖ਼ਬਰ ਵੀ ਪੜ੍ਹੋ - ਰਾਮਨੌਮੀ 'ਤੇ ਇਸਲਾਮਿਕ ਸਹਿਯੋਗ ਸੰਗਠਨ ਦੇ ਬਿਆਨ ਦੀ ਭਾਰਤ ਵੱਲੋਂ ਨਿਖੇਧੀ, ਦੱਸਿਆ ਫ਼ਿਰਕੂ ਮਾਨਸਿਕਤਾ ਦੀ ਮਿਸਾਲ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ 15-01-2023 ਨੂੰ 25 ਲੱਖ ਰੁਪਏ ਨਕਦ ਉਕਤ ਸੀ.ਏ. ਨੂੰ ਉਸ ਦੀ ਰਿਹਾਇਸ਼ ‘ਤੇ ਸੌਂਪੇ ਸਨ ਅਤੇ ਵੀਡੀਓ ਵੀ ਬਣਾਈ ਸੀ। ਇਸ ਤੋਂ ਬਾਅਦ ਸੀ.ਏ. ਅੰਕੁਸ਼ ਸਰੀਨ ਨੇ 26-01-2023 ਨੂੰ ਸ਼ਿਕਾਇਤਕਰਤਾ ਤੋਂ ਆਮਦਨ ਕਰ ਵਿਭਾਗ ਦੇ ਜੂਨੀਅਰ ਅਧਿਕਾਰੀਆਂ ਲਈ 1 ਲੱਖ ਰੁਪਏ ਹੋਰ ਲੈ ਲਏ ਸਨ। ਬੁਲਾਰੇ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਤੋਂ ਪੁੱਛਗਿੱਛ ਦੌਰਾਨ ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਵਿਭਾਗ ਵੱਲੋਂ ਇਹ ਨੋਟਿਸ ਹਾਲੇ ਵੀ ਬਰਕਰਾਰ ਹੈ ਅਤੇ ਰੱਦ ਨਹੀਂ ਕੀਤਾ ਗਿਆ। ਇਸ ਤਰਾਂ ਸ਼ਿਕਾਇਤਕਰਤਾ ਨੂੰ ਇਹ ਪਤਾ ਲੱਗ ਗਿਆ ਕਿ ਉਕਤ ਸੀ.ਏ. ਨੇ ਆਦਮਨ ਕਰ ਅਧਿਕਾਰੀਆਂ ਦੇ ਨਾਂ ‘ਤੇ ਭਾਰੀ ਜ਼ੁਰਮਾਨਾ ਲੱਗਣ ਦਾ ਡਰਾਵਾ ਦੇ ਕੇ ਇਹ ਰਿਸ਼ਵਤ ਵਸੂਲੀ ਹੈ, ਜੋ ਉਸ ਨੇ ਕਿਸੇ ਨੂੰ ਵੀ ਅੱਗੇ ਨਹੀਂ ਦਿੱਤੀ। ਫਿਰ ਸ਼ਿਕਾਇਤਕਰਤਾ ਨੇ ਉਕਤ ਸੀ.ਏ. ਨੂੰ ਉਸਦੇ ਪੈਸੇ ਵਾਪਸ ਕਰਨ ਲਈ ਕਿਹਾ ਕਿਉਂਕਿ ਉਸ ਦਾ ਕੰਮ ਨਹੀਂ ਸੀ ਹੋਇਆ ਪਰ ਸੀ.ਏ. ਨੇ ਇਹ ਪੈਸੇ ਵਾਪਸ ਨਹੀਂ ਕੀਤੇ।
ਇਹ ਖ਼ਬਰ ਵੀ ਪੜ੍ਹੋ - ਅੰਬੇਡਕਰ ਜਯੰਤੀ 'ਤੇ ਸਥਾਪਿਤ ਹੋਵੇਗੀ ਬਾਬਾ ਸਾਹਿਬ ਦੀ 125 ਫੁੱਟ ਉੱਚੀ ਮੂਰਤੀ, ਹੈਲੀਕਾਪਟਰ ਨਾਲ ਸੁੱਟੇ ਜਾਣਗੇ ਫੁੱਲ
ਬੁਲਾਰੇ ਨੇ ਅੱਗੇ ਕਿਹਾ ਕਿ ਲੁਧਿਆਣਾ ਰੇਂਜ ਦੀ ਵਿਜੀਲੈਂਸ ਯੂਨਿਟ ਨੇ ਇਸ ਸ਼ਿਕਾਇਤ ਵਿਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਭਾਰੀ ਜੁਰਮਾਨੇ ਦਾ ਡਰਾਵਾ ਦੇ ਕੇ ਰਿਸ਼ਵਤ ਦੀ ਰਕਮ ਵਸੂਲਣ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਕਤ ਸੀ.ਏ. ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।