ਸੀ. ਜੇ. ਐੱਮ. ਵੱਲੋਂ ਜੇਲ ਦਾ ਨਿਰੀਖਣ
Tuesday, Jul 24, 2018 - 12:55 AM (IST)
ਸ੍ਰੀ ਮੁਕਤਸਰ ਸਾਹਿਬ, (ਪਵਨ, ਖੁਰਾਣਾ)- ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਚੀਫ ਜੁਡੀਸ਼ੀਅਲ ਮੈਜਿਸਟਰੇਟ ਪ੍ਰਿਤਪਾਲ ਸਿੰਘ ਵੱਲੋਂ ਪਿੰਡ ਬੁਡ਼ਾ ਗੁੱਜਰ ਵਿਖੇ ਸਥਿਤ ਜੇਲ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕੈਦੀਆਂ ਅਤੇ ਹਵਾਲਾਤੀਆਂ ਦੀਅਾਂ ਮੁਸ਼ਕਲਾਂ ਸੁਣੀਆਂ ਅਤੇ ਇਨ੍ਹਾਂ ਦੇ ਹੱਲ ਲਈ ਜੇਲ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ। ਕੈਦੀਆਂ ਦੇ ਰਹਿਣ-ਸਹਿਣ ਲਈ ਦਿੱਤੀਆਂ ਜਾ ਰਹੀਆਂ ਮੈਡੀਕਲ ਸਹੂਲਤਾਂ ਤੋਂ ਇਲਾਵਾ ਰਸੋਈ ਅਤੇ ਖਾਣੇ ਦੀ ਚੈਕਿੰਗ ਕੀਤੀ ਗਈ। ਨਿਰੀਖਣ ਉਪਰੰਤ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਵੱਖ-ਵੱਖ ਬੈਰਕਾਂ ਵਿਚ ਕਾਨੂੰਨੀ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਵੀ ਕੀਤਾ ਗਿਆ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕੈਦੀਆਂ ਤੇ ਹਵਾਲਾਤੀਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ, ਮਿਲਣ ਵਾਲੀਆਂ ਸੁਵਿਧਾਵਾਂ ਅਤੇ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਹਿਰਾਸਤੀ ਵਿਅਕਤੀ ਆਪਣੇ ਕੇਸ ਦੀ ਪੈਰਵਾਈ ਲਈ ਵਕੀਲ ਦੀਆਂ ਸੇਵਾਵਾਂ ਮੁਫਤ ਹਾਸਲ ਕਰ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਕੈਦੀਆਂ ਦਾ ਮੁਕੱਦਮਾ ਵਿਚਾਰ ਅਧੀਨ ਹੈ, ਉਹ ਜ਼ਮਾਨਤ ਲਈ ਅਰਜ਼ੀ ਦੇ ਸਕਦੇ ਹਨ। ਇਸ ਮੌਕੇ ਤਿੰਨ ਵੱਖ-ਵੱਖ ਸੈਮੀਨਾਰਾਂ ਰਾਹੀਂ ਹਵਾਲਾਤੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ ਗਈ। ਇਸੇ ਤਰ੍ਹਾਂ ਸਜ਼ਾ ਯਾਫਤਾ ਕੈਦੀਆਂ ਨੂੰ ਅਦਾਲਤੀ ਫੈਸਲੇ ਉਪਰੰਤ ਅਪੀਲਾਂ ਪਾਉਣ ਦੀ ਸਮਾਂ-ਹੱਦ ਅਤੇ ਕੈਦੀਆਂ ਲਈ ਮੁਫਤ ਕਾਨੂੰਨੀ ਸਹਾਇਤਾ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਜੇਲ ਸੁਪਰਡੈਂਟ ਅਤੇ ਸਟਾਫ ਹਾਜ਼ਰ ਸੀ।
