ਸਾਵਧਾਨ! ਸ਼ਾਹੀ ਸ਼ਹਿਰ ''ਤੇ ਰਹੇਗੀ 100 ਸੀ. ਸੀ. ਟੀ. ਵੀ. ਕੈਮਰਿਆਂ ਦੀ ''ਬਾਜ਼ ਅੱਖ''

Friday, Jun 21, 2019 - 11:44 AM (IST)

ਸਾਵਧਾਨ! ਸ਼ਾਹੀ ਸ਼ਹਿਰ ''ਤੇ ਰਹੇਗੀ 100 ਸੀ. ਸੀ. ਟੀ. ਵੀ. ਕੈਮਰਿਆਂ ਦੀ ''ਬਾਜ਼ ਅੱਖ''

ਪਟਿਆਲਾ (ਰਾਜੇਸ਼, ਪਰਮੀਤ)—ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਜੱਦੀ ਸ਼ਹਿਰ ਪਟਿਆਲਾ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਫੁੱਲ-ਪਰੂਫ ਬਣਾਉਣ ਵਾਸਤੇ 3 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਭੇਜੀ ਹੈ। ਇਸ ਦੀ ਬਦੌਲਤ ਹੁਣ ਸ਼ਾਹੀ ਸ਼ਹਿਰ ਵਿਚ 100 ਦੇ ਕਰੀਬ ਸੀ. ਸੀ. ਟੀ . ਵੀ. ਕੈਮਰੇ ਲਾਏ ਜਾ ਰਹੇ ਹਨ।

ਜਾਣਕਾਰੀ ਦਿੰਦਿਆਂ ਮੇਅਰ ਸੰਜੀਵ ਬਿੱਟੂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਅਸ਼ੀਰਵਾਦ ਨਾਲ ਮਿਲੇ ਪ੍ਰਾਜੈਕਟ ਤਹਿਤ ਸ਼ਹਿਰ ਦੇ 8 ਐਂਟਰੀ ਪੁਆਇੰਟਾਂ ਸਮੇਤ 27 ਟਰੈਫਿਕ ਪੁਆਇੰਟਾਂ ਦੀ ਸ਼ਨਾਖਤ ਇਸ ਪ੍ਰਾਜੈਕਟ ਤਹਿਤ ਕੀਤੀ ਗਈ ਹੈ। ਜਿੱਥੇ ਟਰੈਫਿਕ ਲਾਈਟਾਂ ਵੀ ਸੈਂਸਰ ਨਾਲ ਲੈਸ ਹੋਣਗੀਆਂ, ਉਥੇ ਹੀ ਇਨ੍ਹਾਂ 'ਤੇ ਹਾਈ ਕੁਆਲਿਟੀ ਵਾਲੇ ਕੈਮਰੇ ਫਿੱਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਦੀ ਰੂਪ-ਰੇਖਾ ਤਿਆਰ ਕਰ ਲਈ ਗਈ ਹੈ। ਟੈਂਡਰ ਲਾਉਣ ਵਾਸਤੇ ਕੰਸਲਟੈਂਟ ਕੋਲ ਫਾਈਲ ਭੇਜੀ ਗਈ ਹੈ।

ਗਲਤ ਡਰਾਈਵਿੰਗ ਵਾਲਿਆਂ ਦੀ ਆਵੇਗੀ ਸ਼ਾਮਤ
ਟਰੈਫਿਕ ਲਾਈਟਸ ਤੇ ਕੈਮਰਿਆਂ ਦੀ ਇੰਸਟਾਲੇਸ਼ਨ ਦੀ ਬਦੌਲਤ ਸ਼ਹਿਰ ਵਿਚ ਹੈਵੀ ਟਰੈਫਿਕ ਵਾਲੇ ਏਰੀਆ ਵਿਚ ਟਰੈਫਿਕ ਕੰਟਰੋਲ ਕਰਨ ਵਿਚ ਮਦਦ ਮਿਲੇਗੀ। ਇਸ ਤੋਂ ਇਲਾਵਾ ਜਿਹੜੇ ਭਾਰੀ ਵਾਹਨ ਪਾਬੰਦੀ ਵਾਲੇ ਸਮੇਂ ਵਿਚ ਵੀ ਸ਼ਹਿਰ ਵਿਚ ਦਾਖਲ ਹੋ ਜਾਂਦੇ ਹਨ, ਉਨ੍ਹਾਂ ਦੀ ਸ਼ਨਾਖਤ ਤਾਂ ਹੋਵੇਗੀ, ਬਲਕਿ ਗਲਤ ਡਰਾਈਵਿੰਗ ਕਰਨ ਵਾਲਿਆਂ ਦੀ ਵੀ ਕੈਮਰਿਆਂ ਦੀ ਬਦੌਲਤ ਸ਼ਨਾਖਤ ਹੋਵੇਗੀ। ਇਨ੍ਹਾਂ ਦੇ ਚਲਾਨ ਘਰਾਂ ਵਿਚ ਭੇਜੇ ਜਾਣਗੇ।

ਪੁਲਸ ਨਾਲ ਮਿਲ ਕੇ ਲੱਗੇਗਾ ਪ੍ਰਾਜੈਕਟ
ਮੇਅਰ ਸੰਜੀਵ ਬਿੱਟੂ ਨੇ ਦੱਸਿਆ ਕਿ ਸ਼ਹਿਰ ਵਾਸਤੇ ਇਹ ਪ੍ਰਾਜੈਕਟ ਨਗਰ ਨਿਗਮ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਇਕੱਠਿਆਂ ਪ੍ਰਵਾਨ ਚੜ੍ਹਾਇਆ ਜਾ ਰਿਹਾ ਹੈ। ਦੋਵਾਂ ਵਿਚਾਲੇ ਤਾਲਮੇਲ ਦੀ ਬਦੌਲਤ ਜਿਥੇ ਟਰੈਫਿਕ ਰੈਗੂਲੇਟ ਹੋਵੇਗਾ, ਉਥੇ ਹੀ ਸ਼ਹਿਰ ਵਿਚ ਅਪਰਾਧ ਨੂੰ ਨੱਥ ਪਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ 100 ਦੇ ਕਰੀਬ ਕੈਮਰੇ ਇਸ ਢੰਗ ਨਾਲ ਲਾਏ ਜਾਣਗੇ ਕਿ ਸ਼ਹਿਰ ਦਾ ਹਰ ਕੋਨਾ ਕਵਰ ਹੋ ਜਾਵੇ।

ਸ਼ਹਿਰ ਦੀ ਸੁਰੱਖਿਆ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡਾਂਗੇ : ਪ੍ਰਨੀਤ ਕੌਰ
ਮਹਾਰਾਣੀ ਪ੍ਰਨੀਤ ਕੌਰ ਨੇ ਪ੍ਰਾਜੈਕਟ ਬਾਰੇ ਗੱਲ ਕਰਦਿਆਂ ਆਖਿਆ ਕਿ ਕਾਂਗਰਸ ਸਰਕਾਰ ਨੇ ਇਹ ਯੋਜਨਾਬੰਦੀ ਕੀਤੀ ਹੈ। ਇਸ ਤਹਿਤ ਸ਼ਹਿਰ ਦੀ ਸੁਰੱਖਿਆ ਵਾਸਤੇ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸਤੇ ਫੰਡਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

ਸੁਰੱਖਿਅਤ ਸ਼ਹਿਰ ਵਜੋਂ ਵਿਸ਼ਵ 'ਚ ਜਾਣਿਆ ਜਾਵੇਗਾ ਪਟਿਆਲਾ : ਬ੍ਰਹਮ ਮਹਿੰਦਰਾ
ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਨੇ ਗੱਲਬਾਤ ਕਰਦਿਆਂ ਆਖਿਆ ਸ਼ਾਹੀ ਸ਼ਹਿਰ ਦੇ ਯੋਜਨਾਬੱਧ ਤਰੀਕੇ ਦੇ ਵਿਕਾਸ ਵਾਸਤੇ ਅਸੀਂ ਇਸ ਤਰੀਕੇ ਨਾਲ ਕੰਮ ਕਰ ਰਹੇ ਹਾਂ ਕਿ ਇਹ ਸ਼ਹਿਰ ਸਾਫ-ਸੁਥਰੇ ਅਤੇ ਸੁਰੱਖਿਅਤ ਸ਼ਹਿਰ ਵਜੋਂ ਸਾਰੇ ਵਿਸ਼ਵ ਵਿਚ ਜਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਥੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਚਲਾਏ ਜਾ ਰਹੇ ਹਨ, ਉਥੇ ਹੀ ਸੁਰੱਖਿਆ ਵਿਵਸਥਾ ਫੁੱਲ-ਪਰੂਫ ਕਰਨ ਵਾਸਤੇ ਇਹੋ ਜਿਹੇ ਪ੍ਰਾਜੈਕਟ ਲਾਗੂ ਕੀਤੇ ਜਾ ਰਹੇ ਹਨ।


author

Shyna

Content Editor

Related News