ਜ਼ਿਮਨੀ ਚੋਣ ’ਚ ਲੋਕ ‘ਆਪ’ ਨੂੰ ਸਬਕ ਸਿਖਾ ਕੇ ਆਪਣਾ ਗੁੱਸਾ ਕੱਢਣਗੇ : ਅਸ਼ਵਨੀ ਸ਼ਰਮਾ

Saturday, Jun 11, 2022 - 08:03 PM (IST)

ਜ਼ਿਮਨੀ ਚੋਣ ’ਚ ਲੋਕ ‘ਆਪ’ ਨੂੰ ਸਬਕ ਸਿਖਾ ਕੇ ਆਪਣਾ ਗੁੱਸਾ ਕੱਢਣਗੇ : ਅਸ਼ਵਨੀ ਸ਼ਰਮਾ

ਭਵਾਨੀਗੜ੍ਹ (ਵਿਕਾਸ)-ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਤਿੰਨ ਮਹੀਨਿਆਂ ਬਾਅਦ ਪੰਜਾਬ ’ਚ ਜੋ ਹਾਲਾਤ ਬਣੇ ਹੋਏ ਹਨ, ਉਹ ਕਿਸੇ ਤੋਂ ਵੀ ਛੁਪੇ ਹੋਏ ਨਹੀਂ ਹਨ, ਜਿਸ ਕਰਕੇ ਸੂਬੇ ਦਾ ਹਰੇਕ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਕੀਤਾ ਗਿਆ। ਉਹ ਅੱਜ ਇੱਥੇ ਭਾਜਪਾ ਦੇ ਸੀਨੀਅਰ ਆਗੂ ਜੀਵਨ ਗਰਗ ਦੇ ਗ੍ਰਹਿ ਨਿਵਾਸ ਵਿਖੇ ਪਹੁੰਚੇ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਰਮਾ ਨੇ ਕਿਹਾ ਕਿ ਇਤਿਹਾਸ ’ਚ ਪਹਿਲੀ ਵਾਰ ਹੋਵੇਗਾ ਕਿ ਵਿਧਾਨ ਸਭਾ ਚੋਣਾਂ ’ਚ ਪ੍ਰਚੰਡ ਬਹੁਮਤ ਮਿਲਣ ਦੇ ਬਾਵਜੂਦ ਤਿੰਨ ਮਹੀਨਿਆਂ ਬਾਅਦ ਹੀ ਕਿਸੇ ਸਰਕਾਰ ਤੋਂ ਜਨਤਾ ਦਾ ਇੰਨੀ ਛੇਤੀ ਮੋਹ ਭੰਗ ਹੋਇਆ ਹੋਵੇ। ਸ਼ਰਮਾ ਨੇ ਕਿ ਅੱਜ ਸੁਰੱਖਿਆ ਪੰਜਾਬ ਦਾ ਇਕ ਮਹੱਤਵਪੂਰਨ ਮੁੱਦਾ ਬਣ ਚੁੱਕਿਆ ਹੈ। ਨਿੱਤ ਵਾਪਰ ਰਹੀਆਂ ਲੁੱਟਾਂ ਖੋਹਾਂ ਤੇ ਕਤਲ ਕਾਂਡ ਵਰਗੀਆਂ ਮੰਦਭਾਗੀਆਂ ਘਟਨਾਵਾਂ ਨੇ ਸੂਬੇ ਦੇ ਮਾੜੇ ਹਾਲਾਤ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਇਹ ਵੀ ਪੜ੍ਹੋ : ਗੰਨਾ ਉਤਪਾਦਕ ਕਿਸਾਨਾਂ ਨੂੰ ਲੈ ਕੇ ਅਕਾਲੀ ਦਲ ਨੇ CM ਭਗਵੰਤ ਮਾਨ ਤੋਂ ਕੀਤੀ ਇਹ ਮੰਗ

ਉਨ੍ਹਾਂ ਕਿਹਾ ਕਿ ਸੱਤਾ ਤੋਂ ਬਾਹਰ ਰਹਿ ਕੇ ਮੰਤਰੀਆਂ ਤੇ ਵਿਧਾਇਕਾਂ ’ਤੇ ਤੰਜ਼ ਕੱਸਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਅੱਜ ਖੁਦ ਕਿਸੇ ਨੂੰ ਮਿਲਣ ਦਾ ਸਮਾਂ ਨਹੀਂ। ਉਨ੍ਹਾਂ ਦੀ ਸੰਗਰੂਰ ਰਿਹਾਇਸ਼ ਅੱਗੇ ਅਜਿਹਾ ਕੋਈ ਦਿਨ ਨਹੀਂ ਹੋਵੇਗਾ, ਜਦੋਂ ਕੋਈ ਧਰਨਾ ਪ੍ਰਦਰਸ਼ਨ ਨਾ ਹੁੰਦਾ ਹੋਵੇ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਲੋਕ ਜ਼ਿਮਨੀ ਚੋਣ ’ਚ ‘ਆਪ’ ਨੂੰ ਹਰਾ ਕੇ ਆਪਣਾ ਗੁੱਸਾ ਕੱਢਣਗੇ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਪਤਨ ਸ਼ੁਰੂ ਹੋ ਚੁੱਕਾ ਹੈ ਤੇ ਅਖੀਰ ਉਸ ਦਾ ਹਾਲ ਵੀ ਅਕਾਲੀ ਦਲ ਵਾਲਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੋਰ ਪਾਰਟੀ ਦੇ ਵੱਡੇ ਆਗੂ ਅੱਜ ਭਾਜਪਾ ’ਚ ਸ਼ਾਮਲ ਹੋ ਰਹੇ ਹਨ, ਜੋ ਇਸ ਗੱਲ ਦਾ ਸੰਕੇਤ ਹੈ ਕਿ ਜੇਕਰ ਦੇਸ਼ ਜਾਂ ਕਿਸੇ ਸੂਬੇ ਨੂੰ ਕੋਈ ਪਾਰਟੀ ਵਧੀਆ ਢੰਗ ਨਾਲ ਚਲਾ ਸਕਦੀ ਹੈ ਤਾਂ ਉਹ ਭਾਜਪਾ ਹੀ ਹੈ। ਉਨ੍ਹਾਂ ਸੰਗਰੂਰ ਦੇ ਲੋਕਾਂ ਨੂੰ ਜ਼ਿਮਨੀ ਚੋਣਾਂ ’ਚ ਭਾਜਪਾ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ। 


author

Manoj

Content Editor

Related News