ਦਫਤਰ ''ਚ ਦਾਖਲ ਹੋ ਕੇ ਜੇ. ਈ. ਨਾਲ ਦੁਰਵਿਵਹਾਰ ਪਾੜੇ ਸਰਕਾਰੀ ਦਸਤਾਵੇਜ਼
Saturday, Feb 24, 2018 - 01:47 AM (IST)

ਅੰਮ੍ਰਿਤਸਰ, (ਅਰੁਣ)- ਪਾਵਰਕਾਮ ਮਹਿਕਮੇ ਦੀ ਬਕਾਇਆ ਰਾਸ਼ੀ ਨਾ ਭਰਨ ਕਾਰਨ ਮੀਟਰ ਕੱਟਣ ਦੇ ਬਾਵਜੂਦ ਬਿਜਲੀ ਚੋਰੀ ਕਰ ਰਹੇ ਇਕ ਵਿਅਕਤੀ ਦੀ ਜੇ. ਈ. ਨੇ ਤਾਰ ਕੱਟ ਦਿੱਤੀ ਤਾਂ ਨਸ਼ੇ 'ਚ ਟੱਲੀ ਹੋਏ ਇਸ ਖਪਤਕਾਰ ਨੇ ਦਫਤਰ 'ਚ ਦਾਖਲ ਹੋ ਕੇ ਨਾ ਸਿਰਫ ਜੇ. ਈ. ਨਾਲ ਗਾਲੀ-ਗਲੋਚ ਕੀਤੀ ਬਲਕਿ ਉਸ ਦੇ ਸਰਕਾਰੀ ਦਸਤਾਵੇਜ਼ ਪਾੜਦਿਆਂ ਕੰਮ 'ਚ ਵੀ ਅੜਿੱਕਾ ਪਾਉਣਾ ਸ਼ੁਰੂ ਕਰ ਦਿੱਤਾ।
ਥਾਣਾ ਘਰਿੰਡਾ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਸਬ-ਡਵੀਜ਼ਨ ਅਟਾਰੀ ਪਾਵਰਕਾਮ ਦੇ ਜੇ. ਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬੁਰਜ ਵਾਸੀ ਬਲਦੇਵ ਸਿੰਘ ਦੀ ਬਿਜਲੀ ਦੇ ਬਿੱਲ ਦਾ ਬਕਾਇਆ 39557 ਰੁਪਏ ਨਾ ਭਰੇ ਜਾਣ ਕਾਰਨ ਉਸ ਨੇ ਬਿਜਲੀ ਦਾ ਮੀਟਰ ਕੱਟ ਦਿੱਤਾ ਸੀ। 21 ਫਰਵਰੀ ਨੂੰ ਚੈਕਿੰਗ ਦੌਰਾਨ ਦੇਖਿਆ ਤਾਂ ਉਕਤ ਮੁਲਜ਼ਮ ਕੁੰਡੀ ਲਾ ਕੇ ਬਿਜਲੀ ਚੋਰੀ ਕਰ ਰਿਹਾ ਸੀ, ਉਸ ਨੇ ਤਾਰ ਉਤਾਰੀ ਤੇ ਵਾਪਸ ਆਪਣੇ ਦਫਤਰ ਆ ਗਿਆ। ਸ਼ਾਮ 4 ਵਜੇ ਦੇ ਕਰੀਬ ਬਲਦੇਵ ਸਿੰਘ ਸ਼ਰਾਬੀ ਹਾਲਤ ਵਿਚ ਦਫਤਰ ਆ ਕੇ ਗਾਲ੍ਹ-ਮੰਦਾ ਬੋਲਣ ਲੱਗ ਪਿਆ ਅਤੇ ਉਸ ਦੀ ਕਮੀਜ਼ ਤੇ ਸਰਕਾਰੀ ਦਸਤਾਵੇਜ਼ ਪਾੜਦਿਆਂ ਮੌਕੇ ਤੋਂ ਦੌੜ ਗਿਆ। ਮਾਮਲਾ ਦਰਜ ਕਰ ਕੇ ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।