ਮਨੁੱਖੀ ਜਾਨਾਂ ਲਈ ਖੌਅ ਬਣਿਆ ਬੁੱਟਰ ਦਾ ਡੂੰਘਾ ਛੱਪੜ

02/11/2018 10:52:57 AM


ਬੱਧਨੀ ਕਲਾਂ (ਬੱਲ) - ਪਿੰਡ ਬੁੱਟਰ ਕਲਾਂ ਵਿਖੇ ਮੱਦੋਕੇ ਰੋਡ 'ਤੇ ਬਣੇ ਇਕ ਡੂੰਘੇ ਛੱਪੜ 'ਚ ਬੀਤੇ ਦਿਨੀਂ ਬੱਧਨੀ ਕਲਾਂ ਨਿਵਾਸੀ ਧਰਮਿੰਦਰ ਪਲਤਾ, ਮੰਗਲਜੀਤ ਸਿੰਘ ਮੰਗੂ ਤੇ ਮਨਪ੍ਰੀਤ ਸਿੰਘ ਸੋਨੀ ਦੀ ਕਾਰ ਰਾਤ ਸਮੇਂ ਜਾ ਵੜੀ ਸੀ, ਜਿਸ ਕਾਰਨ ਕਾਰ 'ਚ ਸਵਾਰ ਇਨ੍ਹਾਂ ਤਿੰਨਾਂ ਨੌਜਵਾਨ ਦੋਸਤਾਂ ਦੀ ਮੌਤ ਹੋ ਗਈ। 
ਪਿੰਡ ਵਾਸੀਆਂ ਨੇ ਇਸ ਹਾਦਸੇ ਦਾ ਪਤਾ ਲੱਗਣ 'ਤੇ ਇਨ੍ਹਾਂ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਛੱਪੜ ਡੂੰਘਾ ਹੋਣ ਕਾਰਨ ਇਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਤੋਂ ਪਹਿਲਾਂ ਮਈ 2016 ਨੂੰ ਅਨੰਦਪੁਰ ਸਾਹਿਬ ਤੋਂ ਬੱਧਨੀ ਕਲਾਂ ਵਾਪਸ ਆ ਰਹੀ ਸੰਗਤ ਦੀ ਬੱਸ ਇਸੇ ਛੱਪੜ ਦੇ ਕਿਨਾਰੇ ਪਲਟ ਗਈ ਸੀ, ਇਸ ਹਾਦਸੇ 'ਚ ਬੱਧਨੀ ਕਲਾਂ ਦੀ ਇਕ ਔਰਤ ਹਰਬੰਸ ਕੌਰ ਦੀ ਮੌਤ ਹੋ ਗਈ ਸੀ ਤੇ ਕਈ ਸ਼ਰਧਾਲੂ ਜ਼ਖਮੀ ਹੋ ਗਏ ਸਨ। ਇਸ ਹਾਦਸੇ ਤੋਂ ਬਾਅਦ ਮਨੁੱਖੀ ਜਾਨਾਂ ਦਾ ਖੌਅ ਬਣੇ ਇਸ ਛੱਪੜ ਦੇ ਸੜਕ ਵਾਲੇ ਪਾਸੇ ਮਜ਼ਬੂਤ ਕੰਧ ਬਣਾਉਣ ਤੇ ਸਟੇਡੀਅਮ ਬਣਾਉਣ ਦੀ ਮੰਗ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। 
ਬੀਤੇ ਦਿਨੀਂ ਪਿੰਡ ਬੁੱਟਰ ਦੀ ਪੰਚਾਇਤ ਨੇ ਡੀ. ਸੀ. ਮੋਗਾ ਨੂੰ ਇਸ ਸਮੱਸਿਆ ਸਬੰਧੀ ਜਾਣੂ ਕਰਵਾਇਆ ਅਤੇ ਇਸ ਲਈ ਵਿਸ਼ੇਸ਼ ਗ੍ਰਾਂਟ ਦੇਣ ਦੀ ਮੰਗ ਕੀਤੀ ਪਰ ਇਸ ਸਬੰਧੀ ਕੋਈ ਪਿੰਡ ਨੂੰ ਗ੍ਰਾਂਟ ਨਾ ਆਉਣ ਕਰ ਕੇ ਪਿੰਡ ਦੇ ਪਤਵੰਤਿਆਂ ਨੇ ਦੱਸਿਆ ਕਿ 12 ਫਰਵਰੀ ਨੂੰ ਦੁਬਾਰਾ ਫਿਰ ਡੀ. ਸੀ. ਮੋਗਾ ਨੂੰ ਮਿਲ ਕੇ ਜਲਦੀ ਗ੍ਰਾਂਟ ਦੇਣ ਲਈ ਕਹਾਂਗੇ। ਸਾਬਕਾ ਚੇਅਰਮੈਨ ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਿੰਦਰ ਸਿੰਘ ਰਣੀਆਂ, ਅਜਮੇਰ ਸਿੰਘ ਐੱਮ. ਸੀ. ਬੱਧਨੀ ਕਲਾਂ, ਦਰਸ਼ਨ ਸਿੰਘ ਸਰਪੰਚ ਬੁੱਟਰ ਕਲਾਂ ਨੇ ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਇਸ ਛੱਪੜ ਦੇ ਸੜਕ ਨਾਲ ਲੱਗਦੇ ਕਿਨਾਰੇ ਮਜ਼ਬੂਤ ਕੰਧ ਉਸਾਰਨ ਤੇ ਸਟੇਡੀਅਮ ਬਣਾਉਣ ਲਈ ਪਿੰਡ ਦੀ ਪੰਚਾਇਤ ਨੂੰ ਵਿਸ਼ੇਸ਼ ਫੰਡ ਭੇਜੇ ਜਾਣ।


Related News