ਬਿਜ਼ਨੈੱਸਮੈਨ ਦੀ ਪਾਰਟੀ ਵਿਚ ਬੁਲਾਏ 4 ਵੇਟਰਾਂ ਦੀ ਮੌਤ
Wednesday, Jan 01, 2020 - 11:20 PM (IST)
ਮੋਹਾਲੀ,(ਰਾਣਾ)- ਇਕ ਨਾਮੀ ਬਿਜ਼ਨੈੱਸਮੈਨ ਵਲੋਂ ਨਵੇਂ ਸਾਲ 'ਤੇ ਕੀਤੀ ਗਈ ਪਾਰਟੀ ਵਿਚ ਬੁਲਾਏ ਗਏ 4 ਵੇਟਰਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਲਾਸ਼ਾਂ ਨੂੰ ਸਿਵਲ ਹਸਪਤਾਲ ਫੇਜ਼-6 ਦੇ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਪਰ ਅਜੇ ਤਕ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ। ਦੇਰ ਰਾਤ ਥਾਣਾ ਫੇਜ਼-8 ਪੁਲਸ ਮਾਮਲੇ ਨੂੰ ਦਬਾਉਣ ਵਿਚ ਲੱਗੀ ਰਹੀ। ਜਦੋਂ ਥਾਣਾ ਇੰਚਾਰਜ ਸ਼ਿਵਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਤਕ ਮਾਮਲੇ ਦੀ ਜਾਂਚ ਚੱਲ ਰਹੀ ਹੈ। ਚਾਰਾਂ ਮ੍ਰਿਤਕ ਦੀ ਪਛਾਣ ਅਮਿਤ (20), ਧਰਮ (30), ਦੁਆਰਕਾ (35) ਅਤੇ ਰਜਨੀਸ਼ (17) ਦੇ ਰੂਪ ਵਿਚ ਹੋਈ ਹੈ।
ਪੁਲਸ ਨੇ ਦੱਸਿਆ ਕਿ ਜਤਿੰਦਰਪਾਲ ਸਿੰਘ, ਜੋ ਇਕ ਬਿਜ਼ਨੈੱਸਮੈਨ ਹੈ, ਨੇ ਨਵੇਂ ਸਾਲ ਉੱਤੇ ਆਪਣੇ ਸੈਕਟਰ-69 ਵਾਲੀ ਕੋਠੀ ਵਿਚ ਪਾਰਟੀ ਦਾ ਪ੍ਰਬੰਧ ਕੀਤਾ ਹੋਇਆ ਸੀ। ਇਸ ਲਈ ਉਸ ਨੇ 4 ਵੇਟਰ ਸਰਵ ਕਰਨ ਲਈ ਬੁਲਾਏ ਸਨ, ਪਾਰਟੀ ਖਤਮ ਹੁੰਦੇ-ਹੁੰਦੇ ਸਮਾਂ ਜ਼ਿਆਦਾ ਹੋ ਗਿਆ ਜਿਸ ਕਾਰਣ ਵੇਟਰ ਉਥੇ ਹੀ ਕਮਰੇ ਵਿਚ ਸੌਂ ਗਏ। ਉਸ ਦੌਰਾਨ ਵੇਟਰਾਂ ਨੇ ਕਮਰੇ ਵਿਚ ਠੰਡ ਤੋਂ ਬਚਣ ਲਈ ਅੰਗੀਠੀ ਬਾਲੀ ਹੋਈ ਸੀ ਅਤੇ ਕਮਰਾ ਬੰਦ ਕਰ ਲਿਆ। ਸਵੇਰੇ ਉਨ੍ਹਾਂ ਨੂੰ ਵੇਖਿਆ ਗਿਆ ਤਾਂ ਉਨ੍ਹਾਂ ਵਿਚੋਂ ਕੋਈ ਵੀ ਨਹੀਂ ਉੱਠਿਆ, ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਅਜੇ ਤਕ ਸਿਰਫ ਮੋਹਾਲੀ ਪੁਲਸ ਹੀ ਦਾਅਵਾ ਕਰ ਰਹੀ ਹੈ ਕਿ ਚਾਰੇ ਵੇਟਰਾਂ ਦੀ ਮੌਤ ਦਮ ਘੁਟਣ ਨਾਲ ਹੋਈ ਹੈ ਪਰ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ, ਜੋ ਕਿ ਵੀਰਵਾਰ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਤੋਂ ਬਾਅਦ ਹੀ ਹੋਵੇਗੀ।