ਦੋਹਾ, ਕੁਵੈਤ ਅਤੇ ਦੁਬਈ ਤੋਂ ਆ ਰਹੀਆਂ 3 ਅੰਤਰਰਾਸ਼ਟਰੀ ਫਲਾਈਟਾਂ ਦੇ ਯਾਤਰੀਆਂ ਨੂੰ ਲੈਣ ਲਈ ਬੱਸਾਂ ਰਵਾਨਾ

Monday, Jul 06, 2020 - 12:34 PM (IST)

ਦੋਹਾ, ਕੁਵੈਤ ਅਤੇ ਦੁਬਈ ਤੋਂ ਆ ਰਹੀਆਂ 3 ਅੰਤਰਰਾਸ਼ਟਰੀ ਫਲਾਈਟਾਂ ਦੇ ਯਾਤਰੀਆਂ ਨੂੰ ਲੈਣ ਲਈ ਬੱਸਾਂ ਰਵਾਨਾ

ਜਲੰਧਰ (ਪੁਨੀਤ) - ਅੰਮ੍ਰਿਤਸਰ ਹਵਾਈ ਅੱਡੇ ’ਤੇ ਆਉਣ ਵਾਲੀਆਂ 3 ਅੰਤਰਰਾਸ਼ਟਰੀ ਫਲਾਈਟਾਂ ਦੇ ਯਾਤਰੀਆਂ ਨੂੰ ਲੈਣ ਲਈ ਬੱਸਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਇਨ੍ਹਾਂ ਜਹਾਜ਼ਾਂ ਰਾਹੀਂ ਦੋਹਾ,ਕੁਵੈਤ, ਦੁਬਈ ਤੋਂ ਆਉਣ ਵਾਲੇ ਐੱਨ.ਆਰ.ਆਈ. ਸ਼ਾਮਲ ਹਨ। ਜਲੰਧਰ ਅਤੇ ਆਸਪਾਸ ਦੇ ਯਾਤਰੀਆਂ ਨੂੰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹਵਾਈ ਅੱਡੇ ਤੋਂ ਲੈ ਕੇ ਜਲੰਧਰ ਆਉਣਗੀਆਂ, ਜਿੱਥੇ ਆਉਂਦੇ ਹੀ ਉਨ੍ਹਾਂ ਨੂੰ ਕੁਆਰੰਟੀਨ(ਇਕਾਂਤਵਾਸ) ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਇਨ੍ਹਾਂ ਦੀ ਕੋਰੋਨਾ ਜਾਂਚ ਹੋਵੇਗੀ। ਨਿਰਧਾਰਤ ਸਮੇਂ ਤੱਕ ਰੱਖਣ ਤੋਂ ਬਾਅਦ ਰਿਪੋਰਟ ਠੀਕ ਆਉਣ ’ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ।

ਐੱਨ.ਆਈ.ਆਈਜ਼ ਨੂੰ ਲਿਆਉਣ ਲਈ ਪੰਜਾਬ ਰੋਡਵੇਜ਼ ਦੇ ਡਿਪੂ-1 ਵਲੋਂ ਜੋ ਬੱਸਾਂ ਭੇਜੀਆਂ ਦਾ ਰਹੀਆਂ ਹਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਸੈਨੇਟਾਈਜ਼ ਕਰਵਾਇਆ ਗਿਆ ਹੈ। ਜਿਸ ਤਰ੍ਹਾਂ ਕੋਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ, ਉਸ ਦੇ ਮੱਦੇਨਜ਼ਰ ਰੋਡਵੇਜ਼ ਪ੍ਰਸ਼ਾਸਨ ਪੂਰੀ ਤਰ੍ਹਾਂ ਸਾਵਧਾਨ ਹੋ ਚੁੱਕਾ ਹੈ। ਡਰਾਈਵਰ/ਕੰਡਕਟਰ ਸਟਾਫ਼ ਦੀ ਯਾਤਰੀਆਂ ਤੋਂ ਦੂਰੀ ਨੂੰ ਸੁਨਿਸ਼ਚਿਤ ਬਣਾਇਆ ਗਿਆ ਹੈ। ਇਸ ਲਈ ਵੱਡੀ ਗਿਣਤੀ ’ਚ ਡਰਾਈਵਰ ਅਤੇ ਯਾਤਰੀਆਂ ਵਿਚ ਫਾਈਬਰ ਸ਼ੀਟ ਲਗਾਈ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਵਿਦੇਸ਼ਾਂ ਤੋਂ ਘੱਟ ਫਲਾਈਟਾਂ ਆਉਣੀਆਂ ਸ਼ੁਰੂ ਹੋਈਆਂ, ਜਿਸ ਕਾਰਣ ਅੱਧਾ ਦਰਜਨ ਬੱਸਾਂ ’ਚ ਲੋਹੇ ਦੀ ਸ਼ੀਟ ਅਤੇ ਕਈ ਬੱਸਾਂ ’ਚ ਫਾਈਬਰ ਸ਼ੀਟ ਲਗਾਈ ਗਈ। ਹੁਣ ਵਿਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ਦੀ ਗਿਣਤੀ ’ਚ ਲਗਾਤਾਰ ਤੇਜ਼ੀ ਆ ਰਹੀ ਹੈ, ਜਿਸ ਕਾਰਣ ਹੋਰ ਬੱਸਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ।

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਦੇ ਕੁਝ ਮਰੀਜ਼ਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਾਰਣ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤਣਾ ਚਾਹੁੰਦਾ। ਇਸ ਕਾਰਣ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐੱਨ.ਆਰ.ਆਈਜ਼ ਨੂੰ ਲਿਆਉਣ ਵਾਲੀਆਂ ਬੱਸਾਂ ਦੇ ਨਾਲ ਪੁਲਸ ਜਵਾਨਾਂ ਦੀ ਪਾਇਲਟ (ਜਿਪਸੀ) ਭੇਜੀ ਜਾ ਰਹੀ ਹੈ। ਬੱਸਾਂ ਨੂੰ ਰਸਤੇ ’ਚ ਰੁਕਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਪਾਇਲਟ ਦਾ ਇਕ ਹੋਰ ਫ਼ਾਇਦਾ ਹੋ ਰਿਹਾ ਹੈ ਕਿ ਬੱਸ ਨੂੰ ਆਸਾਨੀ ਨਾਲ ਰਸਤਾ ਮਿਲ ਜਾਂਦਾ ਹੈ ਅਤੇ ਜਾਮ ਆਦਿ ’ਚ ਫਸਣਾ ਨਹੀਂ ਪੈਂਦਾ।

ਲਗਜ਼ਰੀ ਬੱਸ ਵਾਲਿਆਂ ਦੀ ਵੀ ਅੱਜਕਲ ਖੂਬ ਚਾਂਦੀ ਹੋ ਰਹੀ ਹੈ ਕਿਉਂਕਿ ਘੱਟ ਗਿਣਤੀ ’ਚ ਹੀ ਲਗਜ਼ਰੀ ਬੱਸਾਂ ਚੱਲ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਹੋਰ ਟਰਾਂਸਪੋਰਟਰਜ਼ ਵੀ ਏ.ਸੀ. ਬੱਸਾਂ ਚਲਾਉਣਾ ਸ਼ੁਰੂ ਕਰ ਦੇਣਗੇ।

ਜਾਣਕਾਰੀ ਦੀ ਘਾਟ ਕਾਰਣ 31 ਸਰਕਾਰੀ ਬੱਸਾਂ ’ਚ ਸਿਰਫ 570 ਲੋਕਾਂ ਨੇ ਕੀਤਾ ਸਫਰ

ਪਿਛਲੇ ਤਿੰਨ ਹਫਤਿਆਂ ਤੋਂ ਤਾਲਾਬੰਦੀ ਕਾਰਣ ਸ਼ਨੀਵਾਰ ਅਤੇ ਐਤਵਾਰ ਨੂੰ ਬੱਸਾਂ ਚਲਾਉਣ ’ਤੇ ਰੋਕ ਲਗਾਈ ਗਈ ਸੀ, ਜਿਸ ਨਾਲ ਲੋਕਾਂ ਨੂੰ ਖਾਸੀ ਦਿੱਕਤ ਪੇਸ਼ ਹੋਈ। ਸਰਕਾਰ ਨੇ ਯਾਤਰੀਆਂ ਦੀ ਸੁਵਿਧਾ ਲਈ ਬੱਸਾਂ ਦੇ ਚੱਲਣ ’ਤੇ ਰੋਕ ਹਟਾ ਦਿੱਤੀ, ਜਿਸ ਕਾਰਣ ਸ਼ਨੀਵਾਰ ਨੂੰ ਬੱਸਾਂ ਚੱਲੀਆਂ ਅਤੇ ਅੱਜ ਵੀ ਰੁਟੀਨ ਵਾਂਗ ਬੱਸਾਂ ਕਾਊਂਟਰਾਂ ’ਤੇ ਲਗਾਈਆਂ ਗਈਆਂ ਪਰ ਯਾਤਰੀ ਬੇਹੱਦ ਘੱਟ ਆਏ।

31 ਸਰਕਾਰੀ ਬੱਸਾਂ ’ਚ 570 ਸਵਾਰੀਆਂ ਨੇ ਸਫਰ ਕੀਤਾ। ਇਸ ਤੋਂ ਵਿਭਾਗ ਨੂੰ 65,506 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਇਸ ਤਰ੍ਹਾਂ 6 ਪ੍ਰਾਈਵੇਟ ਬੱਸਾਂ ਚੱਲੀਆਂ।ਅੱਜ ਅੰਮ੍ਰਿਤਸਰ-2, ਹੁਸ਼ਿਆਰਪੁਰ, ਬਟਾਲਾ, ਨਵਾਂਸ਼ਹਿਰ, ਰੋਪੜ, ਫ਼ਿਰੋਜ਼ਪੁਰ, ਲੁਧਿਆਣਾ, ਜਗਰਾਵਾਂ, ਤਰਨਤਾਰਨ ਅਤੇ ਪੱਟੀ ਡਿਪੂ ਦੀ ਇਕ ਵੀ ਬੱਸ ਜਲੰਧਰ ਨਹੀਂ ਆਈ।

 

 

 

 


author

Harinder Kaur

Content Editor

Related News