ਕੋਟਧਰਮੂ ਦੇ ਬੱਸ ਅੱਡੇ ''ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਲੋਕਾਂ ਵਲੋਂ ਸਖ਼ਤ ਵਿਰੋਧ

Saturday, Aug 03, 2024 - 06:08 PM (IST)

ਮਾਨਸਾ (ਸੰਦੀਪ ਮਿੱਤਲ) : ਪਿੰਡ ਕੋਟਧਰਮੂ ਦੇ ਬੱਸ ਅੱਡੇ ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਲੈ ਕੇ ਲੋਕਾਂ ਦਾ ਵਿਰੋਧ ਖੜ੍ਹਾ ਹੋ ਗਿਆ। ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇਹ ਠੇਕਾ ਲੋਕਾਂ ਦੇ ਵਿਰੋਧ ਦੇ ਬਾਵਜੂਦ ਨਾ ਚੁੱਕੇ ਜਾਣ ਤੇ ਆਬਾਕਾਰੀ ਵਿਭਾਗ ਪੰਜਾਬ ਦੇ ਮੁੱਖ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ ਅਤੇ ਕਿਹਾ ਹੈ ਕਿ ਜੇਕਰ ਫਿਰ ਵੀ ਇਹ ਠੇਕਾ ਨਾ ਚੁੱਕਿਆ ਗਿਆ ਤਾਂ ਪਿੰਡ ਵਾਸੀ ਇਸ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਮੁੱਖ ਕਮਿਸ਼ਨਰ ਆਬਕਾਰੀ ਵਿਭਾਗ ਨੂੰ ਲਿਖੀ ਚਿੱਠੀ ਦੇ ਹਵਾਲੇ ਨਾਲ ਪਿੰਡ ਦੇ ਸਰਪੰਚ ਬਾਬਾ ਕੁਲਵਿੰਦਰ ਸਿੰਘ ਕੋਟਧਰਮੂ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਕਿਹਾ ਕਿ ਪਿੰਡ ਦੇ ਬੱਸ ਅੱਡਾ ਚੌਂਕ ਵਿਚ ਇਹ ਠੇਕਾ ਖੁੱਲ੍ਹਿਆ ਹੈ। ਉਨ੍ਹਾਂ ਕਈ ਵਾਰ ਪ੍ਰਸ਼ਾਸਨ ਨੂੰ ਇਸ ਸਬੰਧੀ ਬੇਨਤੀ ਕੀਤੀ ਕਿ ਥੋੜ੍ਹੀ ਦੂਰੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਦੁਆਰਾ ਸ੍ਰੀ ਸੂਲੀਸਰ ਸਾਹਿਬ ਜਿੱਥੇ ਹਰ ਮਹੀਨੇ ਦਸਵੀਂ ਭਰਦੀ ਹੈ ਅਤੇ ਸੈਂਕੜੇ ਦੀ ਗਿਣਤੀ ਵਿਚ ਹਰ ਰੋਜ਼ ਲੋਕ ਸ਼ਰਧਾ ਅਨੁਸਾਰ ਗੁਰੂ ਘਰ ਵਿਚ ਨਤਮਸਤਕ ਹੁੰਦੇ ਹਨ ਅਤੇ ਇਸ ਦੇ ਨਾਲ ਹੀ ਪਿੰਡ ਵਿਚ ਡੇਰਾ ਮਹਾਰਾਜ ਜੰਗ ਸਿੰਘ ਨਾਮਧਾਰੀ ਦਾ ਇਕ ਬਹੁਤ ਵੱਡਾ ਡੇਰਾ ਹੈ। ਜਿਸ ਵਿਚ ਪੂਰੇ ਦੇਸ਼ ਵਿਚੋਂ ਲੋਕ ਹਰ ਮੱਸਿਆ ਤੇ ਅਤੇ ਰੋਜ਼ਾਨਾ ਵੀ ਨਤਮਸਤਕ ਹੁੰਦੇ ਹਨ। 

ਉਨ੍ਹਾਂ ਕਿਹਾ ਕਿ ਚੌਂਕ ਵਿਚ ਠੇਕਾ ਹੋਣ ਕਾਰਨ ਧਾਰਮਿਕ ਸਥਾਨਾਂ 'ਤੇ ਆਈ ਸੰਗਤ ਅਤੇ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਕਿਸੇ ਨਾ ਕਿਸੇ ਰੂਪ ਵਿਚ ਸੰਗਤ ਦੀਆਂ ਭਾਵਨਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਸ਼ਰਾਬ ਦੇ ਠੇਕੇ ਤੋਂ ਲੋਕ ਜਦੋਂ ਖਰੀਦਦਾਰੀ ਕਰਦੇ ਹਨ ਤਾਂ ਇਹ ਚੰਗਾ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਨੇਕਾਂ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਇਹ ਠੇਕਾ ਨਹੀਂ ਚੁੱਕਿਆ ਗਿਆ। ਜਿਸ ਨੂੰ ਕਿਸੇ ਹੋਰ ਥਾਂ 'ਤੇ ਤਬਦੀਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਠੇਕਾ ਚੁਕਾਉਣ ਵਿਚ ਦੇਰੀ ਨਾ ਕੀਤੀ ਜਾਵੇ। ਨਹੀਂ ਤਾਂ ਪਿੰਡ ਵਾਸੀ ਅਤੇ ਸੰਗਤ ਇਸ ਨੂੰ ਲੈ ਕੇ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਵਲੋਂ ਵੀ ਪਿਛਲੇ ਸਮੇਂ ਆਏ ਫੈਸਲਿਆਂ ਮੁਤਾਬਿਕ ਨੈਸ਼ਨਲ ਹਾਈਵੇ, ਧਾਰਮਿਕ ਜਗ੍ਹਾ ਅਤੇ ਸਕੂਲ ਆਦਿ ਦੇ ਨਜ਼ਦੀਕ ਠੇਕੇ ਨਹੀਂ ਖੋਲ੍ਹੇ ਸਕਦੇ। ਉਨ੍ਹਾਂ ਮੁੱਖ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਉਹ ਫੌਰੀ 'ਤੇ ਇਹ ਠੇਕਾ ਇਸ ਜਗ੍ਹਾ ਤੋਂ ਬਦਲ ਕੇ ਕਿਸੇ ਹੋਰ ਜਗ੍ਹਾ 'ਤੇ ਖੁੱਲ੍ਹਵਾ ਦੇਣ ਤਾਂ ਜੋ ਧਾਰਮਿਕ ਸਥਾਨਾਂ ਤੇ ਆਉਂਦੀ ਜਾਂਦੀ ਸੰਗਤ ਜਾਂ ਪਿੰਡ ਵਾਸੀ ਕਿਸੇ ਵੀ ਔਰਤ ਨੂੰ ਕੋਈ ਮੁਸ਼ਕਿਲ ਨਾ ਆਵੇ। ਅਖੀਰ ਵਿਚ ਉਨ੍ਹਾਂ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਅਗਰ ਆਉਣ ਵਾਲੇ 10 ਦਿਨਾਂ ਵਿਚ ਇਸ ਠੇਕੇ ਨੂੰ ਨਹੀਂ ਚੁਕਵਾਇਆ ਜਾਂਦਾ ਤਾਂ ਇਲਾਕੇ ਦੇ ਲੋਕ ਮਾਣਯੋਗ ਹਾਈਕੋਰਟ ਵਿਚ ਜਾਣ ਤੋਂ ਵੀ ਗੁਰੇਜ ਨਹੀਂ ਕਰਨਗੇ।


Gurminder Singh

Content Editor

Related News