ਸਵਾਰੀਆਂ ਨਾਲ ਭਰੀ PRTC ਬੱਸ ਨਾਲ ਵਾਪਰਿਆ ਹਾਦਸਾ! ਨੈਸ਼ਨਲ ਹਾਈਵੇਅ ਜਾਮ
Monday, Mar 30, 2026 - 05:52 PM (IST)
ਬਰਨਾਲਾ (ਪੁਨੀਤ): ਬਰਨਾਲਾ-ਪਟਿਆਲਾ ਨੈਸ਼ਨਲ ਹਾਈਵੇਅ ਅਤੇ ਬੱਸ ਸਟੈਂਡ ਧਨੌਲਾ ਦੇ ਕੋਲ ਇਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਸਵਾਰੀਆਂ ਨਾਲ ਭਰੀ ਪੀ.ਆਰ.ਟੀ.ਸੀ. ਦੀ ਸਰਕਾਰੀ ਬੱਸ ਅਤੇ ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਵਿਚਾਲੇ ਟੱਕਰ ਹੋ ਗਈ। ਟੱਕਰ ਦੌਰਾਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਾਰੀਆਂ ਸਵਾਰੀਆਂ ਬਿਲਕੁਲ ਸੁਰੱਖਿਅਤ ਹਨ।
ਇਸ ਹਾਦਸੇ ਲਈ ਪੀ.ਆਰ.ਟੀ.ਸੀ. ਬੱਸ ਡਰਾਈਵਰ ਅਤੇ ਟਰੈਕਟਰ-ਟਰਾਲੀ ਡਰਾਈਵਰ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਦਿਖੇ, ਪਰ ਮੌਕੇ 'ਤੇ ਖੜ੍ਹੇ ਲੋਕਾਂ ਦਾ ਕਹਿਣਾ ਸੀ ਕਿ ਇਸ ਹਾਦਸੇ ਦਾ ਕਾਰਨ ਪੀ.ਆਰ.ਟੀ.ਸੀ. ਡਰਾਈਵਰ ਦੀ ਵੱਡੀ ਲਾਪਰਵਾਹੀ ਸੀ। ਉਨ੍ਹਾਂ ਨੇ ਕਿਹਾ ਕਿ ਸਾਰੀ ਗਲਤੀ ਪੀ.ਆਰ.ਟੀ.ਸੀ. ਬੱਸ ਡਰਾਈਵਰ ਦੀ ਹੈ, ਜਿਸ ਨੇ ਅਚਾਨਕ ਬੱਸ ਨੂੰ ਬੱਸ ਸਟੈਂਡ ਤੋਂ ਤੇਜ਼ ਸਪੀਡ ਵਿਚ ਕੱਢ ਕੇ ਸੜਕ 'ਤੇ ਲਿਆ ਦਿੱਤਾ। ਟਰੈਕਟਰ-ਟਰਾਲੀ ਡਰਾਈਵਰ ਨੇ ਐਕਸੀਡੈਂਟ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਬੱਸ ਡਰਾਈਵਰ ਦੀ ਵੱਡੀ ਲਾਪਰਵਾਹੀ ਕਾਰਨ ਇਹ ਐਕਸੀਡੈਂਟ ਹੋਇਆ।
ਪੀ.ਆਰ.ਟੀ.ਸੀ. ਡਰਾਈਵਰ ਦੇ ਪੱਖ ਵਿਚ ਪੀ.ਆਰ.ਟੀ.ਸੀ. ਕਰਮਚਾਰੀ ਜਥੇਬੰਦੀ ਮੌਕੇ 'ਤੇ ਪਹੁੰਚ ਗਈ। ਉੱਥੇ ਹੀ ਮੌਕੇ 'ਤੇ ਮੌਜੂਦ ਲੋਕ ਟਰੈਕਟਰ-ਟਰਾਲੀ ਡਰਾਈਵਰ ਦੇ ਹੱਕ ਵਿਚ ਆ ਗਏ। ਉਨ੍ਹਾਂ ਨੇ ਕਿਹਾ ਕਿ ਸਾਰੀ ਗਲਤੀ ਪੀ.ਆਰ.ਟੀ.ਸੀ. ਬੱਸ ਡਰਾਈਵਰ ਦੀ ਹੈ, ਪਰ ਟਰੈਕਟਰ ਡਰਾਈਵਰ ਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਪੀ.ਆਰ.ਟੀ.ਸੀ. ਬੱਸ ਡਰਾਈਵਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਬਰਨਾਲਾ ਤੋਂ ਬੁਢਲਾਡਾ ਡਿਪੂ ਜਾ ਰਿਹਾ ਸੀ, ਪਰ ਟਰੈਕਟਰ-ਟਰਾਲੀ ਦੀ ਲਾਪਰਵਾਹੀ ਕਾਰਨ ਇਹ ਐਕਸੀਡੈਂਟ ਹੋਇਆ, ਜਿਸ ਵਿਚ ਪੀ.ਆਰ.ਟੀ.ਸੀ. ਬੱਸ ਨੂੰ ਕਾਫੀ ਨੁਕਸਾਨ ਹੋਇਆ। ਉੱਥੇ ਹੀ, ਮਿੱਟੀ ਨਾਲ ਭਰੀ ਟਰੈਕਟਰ-ਟਰਾਲੀ ਦੇ ਡਰਾਈਵਰ ਨੇ ਦੱਸਿਆ ਕਿ ਬੱਸ ਡਰਾਈਵਰ ਅਚਾਨਕ ਬੱਸ ਸਟੈਂਡ ਤੋਂ ਬੱਸ ਨੂੰ ਤੇਜ਼ ਸਪੀਡ ਵਿਚ ਬੱਸ ਰੋਡ 'ਤੇ ਲੈ ਗਿਆ, ਜਿੱਥੇ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਇਹ ਐਕਸੀਡੈਂਟ ਹੋਇਆ ਅਤੇ ਉਸ ਨੂੰ ਕਰੀਬ 20 ਹਜ਼ਾਰ ਦਾ ਨੁਕਸਾਨ ਹੋਇਆ। ਟਰੈਕਟਰ ਡਰਾਈਵਰ ਨੇ ਇਹ ਵੀ ਕਿਹਾ ਕਿ ਮੌਕੇ 'ਤੇ ਖੜ੍ਹੇ ਲੋਕਾਂ ਨੇ ਇਹ ਪੂਰੀ ਘਟਨਾ ਦੇਖੀ ਹੈ ਅਤੇ ਉਹ ਸੱਚ ਬੋਲ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਜਿੱਥੇ ਪੀ.ਆਰ.ਟੀ.ਸੀ. ਬੱਸ ਡਰਾਈਵਰ ਅਤੇ ਕਰਮਚਾਰੀ ਜਥੇਬੰਦੀ ਇਕੱਠੇ ਆਏ ਅਤੇ ਬੱਸ ਸਟੈਂਡ ਧਨੌਲਾ ਦੇ ਬਾਹਰ ਬਰਨਾਲਾ-ਪਟਿਆਲਾ ਹਾਈਵੇਅ 'ਤੇ ਸਰਕਾਰੀ ਬੱਸ ਰੋਡ ਦੇ ਵਿਚਕਾਰ ਲਗਾ ਕੇ ਜਾਮ ਲਗਾ ਦਿੱਤਾ। ਉੱਥੇ ਹੀ ਟਰੈਕਟਰ-ਟਰਾਲੀ ਡਰਾਈਵਰ ਦੇ ਪੱਖ ਵਿਚ ਆਏ ਮੌਕੇ 'ਤੇ ਖੜ੍ਹੇ ਲੋਕਾਂ, ਦੁਕਾਨਦਾਰਾਂ ਅਤੇ ਸਮਰਥਕਾਂ ਨੇ ਪੀ.ਆਰ.ਟੀ.ਸੀ. ਕਰਮਚਾਰੀਆਂ ਦੀ ਕਥਿਤ ਬਦਮਾਸ਼ੀ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ। ਦੋਵਾਂ ਪੱਖਾਂ ਵਿਚਾਲੇ ਟਕਰਾਅ ਬਾਰੇ ਪਤਾ ਲੱਗਣ 'ਤੇ ਧਨੌਲਾ ਥਾਣੇ ਦੇ ਪੁਲਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਦੋਵਾਂ ਧਿਰਾਂ ਨੂੰ ਧਨੌਲਾ ਥਾਣੇ ਬੁਲਾਇਆ ਹੈ। ਇਸ ਹਾਦਸੇ ਵਿਚ ਜਿੱਥੇ ਪੀ.ਆਰ.ਟੀ.ਸੀ. ਬੱਸ ਅਤੇ ਟਰੈਕਟਰ-ਟਰਾਲੀ ਨੂੰ ਨੁਕਸਾਨ ਪਹੁੰਚਿਆ ਹੈ, ਉੱਥੇ ਹੀ ਦੋਵੇਂ ਪੱਖ ਇਸ ਹਾਦਸੇ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਬੱਸ ਯਾਤਰੀ ਨੂੰ ਸੱਟ ਨਹੀਂ ਲੱਗੀ।
