ਮਾਲੇਰਕੋਟਲਾ-ਨਾਭਾ-ਪਟਿਆਲਾ ਰੂਟ ’ਤੇ ਬੱਸ ਸੇਵਾ ’ਚ ਸੁਧਾਰ ਦੀ ਮੰਗ
Monday, Apr 12, 2021 - 02:46 PM (IST)
ਨਾਭਾ (ਜੈਨ) : ਮਾਲੇਰਕੋਟਲਾ-ਨਾਭਾ ਤੇ ਪਟਿਆਲਾ ਰਿਆਸਤੀ ਸ਼ਹਿਰ ਹਨ ਪਰ ਤਿੰਨੇ ਸ਼ਹਿਰਾਂ ਦੇ ਵੀ. ਵੀ. ਆਈ. ਪੀ. ਹੋਣ ਦੇ ਬਾਵਜੂਦ ਬੱਸ ਸੇਵਾ ਵਿਚ ਸੁਧਾਰ ਨਹੀਂ ਹੋ ਸਕਿਆ। ਪਟਿਆਲਾ ਦੇ ਤੋਂ ਕੈਪਟਨ ਅਮਰਿੰਦਰ ਸਿੰਘ ਪਹਿਲਾਂ 2002 ਤੋਂ 2007 ਤੱਕ ਮੁੱਖ ਮੰਤਰੀ ਰਹੇ। ਹੁਣ 2017 ਤੋਂ ਮੁੱਖ ਮੰਤਰੀ ਹਨ। ਨਾਭਾ ਦੇ ਵਿਧਾਇਕ ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ ਹਨ, ਜਦੋਂ ਕਿ ਮਾਲੇਰਕੋਟਲਾ ਦੀ ਵਿਧਾਇਕਾ ਰਜ਼ੀਆ ਸੁਲਤਾਨਾ ਇਸ ਸਮੇਂ ਟਰਾਂਸਪੋਰਟ ਮੰਤਰੀ ਹਨ। ਇਨ੍ਹਾਂ ਤਿੰਨ ਸ਼ਹਿਰਾਂ ਵਿਚਕਾਰ ਰੇਲਵੇ ਲਾਈਨ ਨਹੀਂ ਹੈ, ਜਦੋਂ ਕਿ ਪਟਿਆਲਾ-ਨਾਭਾ ਰੂਟ ’ਤੇ ਡਬਲ ਰੇਲਵੇ ਲਾਈਨ ਚਾਲੂ ਨਹੀਂ ਹੋ ਸਕੀ।
ਮਾਲੇਰਕੋਟਲਾ, ਅਮਰਗੜ੍ਹ, ਬਾਗੜੀਆਂ ਤੇ ਇਨ੍ਹਾਂ ਦੇ ਲਾਗਲੇ ਪਿੰਡਾਂ ਦੇ ਸੈਂਕੜੇ ਵਿਦਿਆਰਥੀਆਂ, ਮੁਲਾਜ਼ਮਾਂ/ਆਮ ਲੋਕਾਂ ਨੂੰ ਪਟਿਆਲਾ ਰੋਜ਼ਾਨਾ ਕੰਮਕਾਜ/ਨੌਕਰੀ/ਪੜ੍ਹਾਈ ਲਈ ਆਉਣਾ ਜਾਣਾ ਪੈਂਦਾ ਹੈ ਕਿਉਂਕਿ ਪਟਿਆਲਾ ਵਿਖੇ ਸਰਕਾਰੀ ਰਜਿੰਦਰਾ ਹਸਪਤਾਲ, ਮੈਡੀਕਲ ਕਾਲਜ, ਇੰਜੀਨੀਅਰਿੰਗ ਕਾਲਜ, ਪੰਜਾਬੀ ਯੂਨੀਵਰਸਿਟੀ, ਥਾਪਰ ਵਰਸਿਟੀ, ਆਈ. ਜੀ. (ਪੁਲਸ), ਡੀ.ਆਈ. ਜੀ. (ਪੁਲਸ), ਲੋਕ ਨਿਰਮਾਣ ਵਿਭਾਗ, ਪਬਲਿਕ ਹੈਲਥ ਤੇ ਪਾਵਰਕਾਮ ਨਿਗਮ ਦੇ ਮੁੱਖ ਦਫ਼ਤਰ ਹਨ, ਜਿਸ ਕਰਕੇ ਬੱਸ ਮਾਰਗ ’ਤੇ ਹੀ ਭੀੜ ਲੱਗੀ ਰਹਿੰਦੀ ਹੈ। ਇਸ ਮਾਰਗ ’ਤੇ ਨਿੱਜੀ ਬੱਸਾਂ ਘੱਟ ਹੀ ਚੱਲਦੀਆਂ ਹਨ।
ਪੀ. ਆਰ. ਟੀ. ਸੀ. ਦੇ ਕੁੱਝ ਪ੍ਰਵਾਨਿਤ ਰੂਟ ਮੁਲਤਵੀ ਹੋ ਚੁੱਕੇ ਹਨ। ਸ਼ਾਮੀ 5 ਵਜੇ ਤੋਂ ਬਾਅਦ ਬੱਸ ਸਟੈਂਡ ’ਤੇ ਭੀੜ ਲੱਗ ਜਾਂਦੀ ਹੈ। ਰੋਜ਼ਾਨਾ ਸਫ਼ਰ ਕਰਨ ਵਾਲੇ ਵਿਦਿਆਰਥੀ/ਮੁਲਾਜ਼ਮਾਂ ਦੀ ਮੰਗ ਹੈ ਕਿ ਘੱਟੋ ਘੱਟ ਦੋ-ਦੋ ਰੂਟ ਸਵੇਰੇ-ਸ਼ਾਮੀ ਹੋਰ ਚਲਾਏ ਜਾਣ। ਨਾਭਾ ਬੱਸ ਸਟੈਂਡ ਦੀ ਹਾਲਤ ਵੀ ਖ਼ਸਤਾ ਹੈ। ਰਿਆਸਤੀ ਸ਼ਹਿਰ ਵਿਚ ਕਈ ਥਾਈਂ ਬੱਸ ਸਟਾਪ ਹਨ ਪਰ ਸਵਾਰੀਆਂ ਦੇ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈ। ਸਰਕਲ ਵਪਾਰ ਮੰਡਲ ਪ੍ਰਧਾਨ ਅਨਿਲ ਕੁਮਾਰ ਗੁਪਤਾ ਨੇ ਪੀ. ਆਰ. ਟੀ. ਸੀ. ਚੇਅਰਮੈਨ ਤੋਂ ਮੰਗ ਕੀਤੀ ਹੈ ਕਿ ਬੱਸ ਸੇਵਾ ਵਿਚ ਸੁਧਾਰ ਕੀਤਾ ਜਾਵੇ ਅਤੇ ਕੰਡਮ ਬੱਸਾਂ ਨੂੰ ਹਟਾ ਕੇ ਨਵੀਆਂ ਬੱਸਾਂ ਚਾਲੂ ਕੀਤੀਆਂ ਜਾਣ ਤਾਂ ਜੋ ਹਾਦਸਿਆਂ ਵਿਚ ਵਾਧਾ ਨਾ ਹੋਵੇ ਅਤੇ ਵਿਦਿਆਰਥੀ/ਮੁਲਾਜ਼ਮ ਸੁਰੱਖਿਅਤ ਰਹਿਣ। ਯੂਥ ਅਕਾਲੀ ਆਗੂ ਜਸਵੀਰ ਸਿੰਘ ਛੀਂਦਾ ਦਾ ਕਹਿਣਾ ਹੈ ਕਿ ਜੇਕਰ ਵੀ. ਵੀ. ਆਈ. ਪੀ. ਸ਼ਹਿਰਾਂ ਦੇ ਰੂਟ ਦਾ ਮੰਦਾ ਹਾਲ ਹੈ ਤਾਂ ਹੋਰ ਸ਼ਹਿਰਾਂ ਵਿਚ ਬੱਸ ਸੇਵਾਵਾਂ ਦਾ ਵੀ ਹਾਲ ਹੋਵੇਗਾ?