ਬੱਸਾਂ ਦੇ ਪਰਮਿਟ ਰੀਨਿਊ ਨਾ ਹੋਣ ਕਾਰਨ ਮੁਸ਼ਕਿਲਾਂ ਨਾਲ ਜੂਝ ਰਹੇ ਨੇ ਟਰਾਂਸਪੋਰਟਰ

Wednesday, Aug 09, 2017 - 03:44 AM (IST)

ਬੱਸਾਂ ਦੇ ਪਰਮਿਟ ਰੀਨਿਊ ਨਾ ਹੋਣ ਕਾਰਨ ਮੁਸ਼ਕਿਲਾਂ ਨਾਲ ਜੂਝ ਰਹੇ ਨੇ ਟਰਾਂਸਪੋਰਟਰ

ਅੰਮ੍ਰਿਤਸਰ,   (ਛੀਨਾ)-  ਪੰਜਾਬ ਸਰਕਾਰ ਵੱਲੋਂ ਨਵੀਂ ਬਣਾਈ ਗਈ ਟਰਾਂਸਪੋਰਟ ਪਾਲਿਸੀ 'ਚ ਕੁਝ ਖਾਮੀਆਂ ਹੋਣ ਕਾਰਨ ਟਰਾਂਸਪੋਰਟਰਾਂ ਨੂੰ ਭਾਰੀ ਮੁਸ਼ਕਿਲਾਂ ਨਾਲ ਜੂਝਣਾ ਪੈ ਰਿਹਾ ਹੈ, ਇਸ ਸਬੰਧੀ ਅਗਲੀ ਰਣਨੀਤੀ ਤਿਆਰ ਕਰਨ ਵਾਸਤੇ ਅੱਜ ਪੰਜਾਬ ਮੋਟਰ ਯੂਨੀਅਨ ਚੰਡੀਗੜ੍ਹ (ਰਜਿ.) ਦੇ ਨੁਮਾਇੰਦਿਆਂ ਦੀ ਇਕ ਅਹਿਮ ਮੀਟਿੰਗ ਅੰਮ੍ਰਿਤਸਰ-ਗੁਰਦਾਸਪੁਰ ਬੱਸ ਯੂਨੀਅਨ ਦੇ ਪ੍ਰਧਾਨ ਚੌਧਰੀ ਅਸ਼ੋਕ ਕੁਮਾਰ ਮੰਨਣ ਦੀ ਅਗਵਾਈ ਹੇਠ ਹੋਈ, ਜਿਸ ਵਿਚ ਬੋਲਦਿਆਂ ਪੰਜਾਬ ਮੋਟਰ ਯੂਨੀਅਨ ਚੰਡੀਗੜ੍ਹ ਦੇ ਕਾਰਜਕਾਰੀ ਪ੍ਰਧਾਨ ਜਗਦੀਸ਼ ਸਾਹਨੀ ਤੇ ਪ੍ਰਧਾਨ ਚੌਧਰੀ ਅਸ਼ੋਕ ਕੁਮਾਰ ਮੰਨਣ ਨੇ ਸਾਂਝੇ ਤੌਰ 'ਤੇ ਕਿਹਾ ਕਿ ਬੱਸਾਂ ਦੇ 5 ਸਾਲ ਬਾਅਦ ਪਰਮਿਟ ਰੀਨਿਊ ਹੁੰਦੇ ਹਨ ਪਰ ਪੰਜਾਬ ਸਰਕਾਰ ਦੀ ਨਵੀਂ ਬਣਾਈ ਗਈ ਟਰਾਂਸਪੋਰਟ ਪਾਲਿਸੀ 'ਚ ਪਰਮਿਟ ਰੀਨਿਊ ਕਰਨ ਸਬੰਧੀ ਕੋਈ ਨੀਤੀ ਕਲੀਅਰ ਨਹੀਂ ਹੈ, ਜਿਸ ਕਾਰਨ ਟਰਾਂਸਪੋਰਟਰਾਂ 'ਚ ਸ਼ਸ਼ੋਪੰਜ ਵਾਲੀ ਸਥਿਤੀ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ 1947 ਤੋਂ ਪਹਿਲਾਂ ਦੀਆਂ ਵੀ ਕੁਝ ਟਰਾਂਸਪੋਰਟ ਕੰਪਨੀਆਂ ਚੱਲ ਰਹੀਆਂ ਹਨ, ਜਿਨ੍ਹਾਂ ਵੱਲੋਂ ਹੁਣ ਤੱਕ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਕਰੋੜਾਂ ਰੁਪਏ ਦੇ ਟੈਕਸ ਭੁਗਤਾਨ ਕੀਤੇ ਜਾ ਚੁੱਕੇ ਹਨ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਟਰਾਂਸਪੋਰਟਰਾਂ ਲਈ ਕੋਈ ਸਰਲ ਨੀਤੀ ਬਣਾਉਣ ਦੀ ਬਜਾਏ ਉਲਟਾ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਉਲਝਣਾਂ 'ਚ ਪਾ ਕੇ ਰੱਖ ਦਿੱਤਾ ਹੈ। ਪੰਜਾਬ ਸਰਕਾਰ ਨੂੰ ਬੱਸਾਂ 'ਤੇ ਕੋਈ ਵੀ ਫੈਸਲਾ ਥੋਪਣ ਤੋਂ ਪਹਿਲਾਂ ਇਸ ਸਬੰਧੀ ਚੰਗੀ ਤਰ੍ਹਾਂ ਨਾਲ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਇਸ ਕਾਰੋਬਾਰ ਨਾਲ ਜੁੜ ਕੇ ਲੱਖਾਂ ਲੋਕ ਰੋਟੀ ਖਾ ਰਹੇ ਹਨ ਤੇ ਸਰਕਾਰ ਦੇ ਇਕ ਵੀ ਟਰਾਂਸਪੋਰਟ ਵਿਰੋਧੀ ਫੈਸਲੇ ਕਾਰਨ ਲੱਖਾਂ ਲੋਕ ਰੋਟੀ ਤੋਂ ਵਾਂਝੇ ਹੋ ਜਾਣਗੇ।
ਇਸ ਮੌਕੇ ਪੰਜਾਬ ਦੇ ਕੋਨੇ-ਕੋਨੇ 'ਚ ਇਕੱਤਰ ਹੋਏ ਟਰਾਂਸਪੋਰਟਰਾਂ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਬੱਸਾਂ ਦੇ ਪਰਮਿਟ ਰੀਨਿਊ ਕਰਨ ਦੇ ਜਲਦ ਹੁਕਮ ਜਾਰੀ ਕੀਤੇ ਜਾਣ, ਨਹੀਂ ਤਾਂ ਸਮੂਹ ਟਰਾਂਸਪੋਰਟਰਾਂ ਵੱਲੋਂ ਮੁਕੰਮਲ ਤੌਰ 'ਤੇ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਸਮੇਂ ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ, ਰਜਿੰਦਰ ਸਿੰਘ ਬਾਜਵਾ, ਹਰਦੇਵ ਸਿੰਘ ਸੰਧੂ, ਪਰਮਿੰਦਰ ਸਿੰਘ ਪਾਰੋਵਾਲ, ਰਾਜਪਾਲ ਸਿੰਘ ਭੋਲਾ ਬੁਰਜ, ਨਰਿੰਦਰ ਕੁਮਾਰ ਤੁਲੀ, ਸੰਜੇ ਸਾਹਨੀ, ਬਲਦੇਵ ਸਿੰਘ ਪਠਾਨਕੋਟ, ਬਿੱਲਾ ਅਬਰੌਲ, ਜਰਨੈਲ ਸਿੰਘ ਜੱਜ, ਸੱਜਣ ਸਿੰਘ ਰੋਹਤਕ, ਕਸ਼ਮੀਰੀ ਲਾਲ, ਮਨਜੀਤ ਸਿੰਘ ਭੋਲਾ ਤੁੰਗ, ਮਨੋਹਰ ਲਾਲ ਸ਼ਰਮਾ, ਹਰਭਗਤ ਕੱਕੜ, ਕਵਰਿੰਦਰ ਸਿੰਘ, ਕਸ਼ਮੀਰ ਸਿੰਘ ਤੁੜ ਤੇ ਹੋਰ ਵੀ ਟਰਾਂਸਪੋਰਟਰ ਹਾਜ਼ਰ ਸਨ।


Related News