ਬੱਸ ਮਾਲਕਾਂ ਖਿਲਾਫ ਰੋਸ ਪ੍ਰਦਰਸ਼ਨ

Wednesday, Jul 25, 2018 - 06:13 AM (IST)

ਬੱਸ ਮਾਲਕਾਂ ਖਿਲਾਫ ਰੋਸ ਪ੍ਰਦਰਸ਼ਨ

ਅੰਮ੍ਰਿਤਸਰ  (ਛੀਨਾ)-  ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਨੁਮਾਇੰਦਿਆਂ ਵੱਲੋਂ ਨਿੱਜੀ ਬੱਸ ਕੰਪਨੀ ਦੇ ਮਾਲਕਾਂ ਦੀਆਂ ਵਧੀਕੀਆਂ ਖਿਲਾਫ ਅੱਜ ਸਥਾਨਕ ਬਸ ਸਟੈਂਡ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ  ਸੰਬੋਧਨ ਕਰਦਿਆਂ ਸੈਕਟਰੀ ਬਲਦੇਵ ਸਿੰਘ ਬੱਬੂ, ਪ੍ਰਧਾਨ ਦਿਲਬਾਗ ਸਿੰਘ ਤੇ ਕੈਸ਼ੀਅਰ ਬਲਬੀਰ ਸਿੰਘ ਬੀਰਾ ਨੇ ਕਿਹਾ ਕਿ ਕੁਝ ਨਿੱਜੀ ਬਸ ਕੰਪਨੀ ਦੇ ਮਾਲਕ ਬਿਨਾਂ ਵਜਾ ਡਰਾਈਵਰਾਂ ਅਤੇ ਕੰਡਕਟਰਾਂ ’ਤੇ ਧੌਂਸ ਜਮਾਉਂਦੇ ਹੋਏ ਉਨ੍ਹਾਂ ਨੂੰ ਗਾਲੀ-ਗਲੋਚ ਕਰਕੇ ਜ਼ਲੀਲ ਕਰਦੇ ਹਨ ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਵਰਕਰਾਂ ਨੂੰ ਬਣਦੇ ਹੱਕ ਨਾ ਦੇਣ ਵਾਲੇ ਬੱਸ ਕੰਪਨੀ ਦੇ ਮਾਲਕਾਂ ਖਿਲਾਫ ਲੇਬਰ ਵਿਭਾਗ ਨੂੰ ਹੁਣ ਤੱਕ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਵਿਭਾਗ ਨੇ ਹੁਣ ਤੱਕ ਕਿਸੇ ਵੀ ਬੱਸ ਕੰਪਨੀ ਖਿਲਾਫ ਕੋਈ ਐਕਸ਼ਨ ਨਹੀਂ ਲਿਆ, ਜਿਸ ਕਾਰਨ ਵਰਕਰਾਂ ਦੇ ਹੱਕ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ.ਬੱਬੂ ਦਿਲਬਾਗ ਤੇ ਬੀਰਾ ਨੇ ਤਾਡ਼ਨਾ ਕਰਦਿਆਂ ਕਿਹਾ ਕਿ ਜੇਕਰ 20 ਦਿਨਾਂ ’ਚ ਲੇਬਰ ਵਿਭਾਗ ਨੇ ਬੱਸ ਕੰਪਨੀਆਂ ਦੇ ਰਿਕਾਰਡ ਚੈੱਕ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਅਮਲ ’ਚ ਨਾ ਲਿਆਂਦੀ ਤਾਂ ਲੇਬਰ ਵਿਭਾਗ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਵਰਕਰਾਂ ਨੂੰ ਜ਼ਲੀਲ ਕਰਨ ਵਾਲੇ ਮਾਲਕ ਜੇਕਰ ਵਧੀਕੀਆਂ ਕਰਨ ਤੋਂ ਬਾਜ਼ ਨਾ ਆਏ ਤਾਂ ਉਨ੍ਹਾਂ ਦੀਆਂ ਬੱਸਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ। ਇਸ ਸਮੇਂ ਰੋਸ ਪ੍ਰਦਰਸ਼ਨ ਕਰਨ ਵਾਲਿਆਂ ’ਚ ਕੰਵਲਪ੍ਰੀਤ ਸਿੰਘ ਕੰਵਲ, ਤਰਸੇਮ ਸਿੰਘ ਭਿੱਖੀਵਿੰਡ, ਮੇਜਰ ਸਿੰਘ, ਨਿਰਮਲ ਸਿੰਘ, ਨਿਸ਼ਾਨ ਸਿੰਘ, ਲੱਖਾ ਸਿੰਘ ਲੋਪੋਕੇ, ਸੁਖਵਿੰਦਰ ਸਿੰਘ ਵੇਰਕਾ, ਬੂਆ ਸਿੰਘ, ਲਖਬੀਰ ਸਿੰਘ ਫੌਜੀ ਤੇ ਹੋਰ ਵੀ ਬਹੁਤ ਸਾਰੇ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ।


Related News