ਬੱਸ-ਕਾਰ ਦੀ ਟੱਕਰ ''ਚ ਔਰਤ, ਬੱਚਾ ਸਮੇਤ ਤਿੰਨ ਗੰਭੀਰ ਜ਼ਖਮੀ
Saturday, Jul 27, 2024 - 02:26 PM (IST)
ਜੈਤੋ (ਜਿੰਦਲ) : 24 ਘੰਟੇ ਮਨੁੱਖਤਾ ਦੀ ਸੇਵਾ ਵਿਚ ਸਮਰਪਤ ਰਹਿਣ ਵਾਲੀ ਸਮਾਜ ਸੇਵੀ ਸੰਸਥਾ ਚੜ੍ਹਦੀਕਲਾ ਵੈਲਫੇਅਰ ਸੇਵਾ ਸੋਸਾਇਟੀ ਜੈਤੋ ਦੇ ਐਮਜੈਂਸੀ ਨੰਬਰ ਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਮੁਕਤਸਰ ਰੋਡ 'ਤੇ ਸਥਿਤ ਪਿੰਡ ਰੋੜੀਪੂਰਾ ਵਿਖੇ ਝਾਲ ਵਾਲਾ ਪੁੱਲ ਦੇ ਨਜ਼ਦੀਕ ਇਕ ਕਾਰ ਅਤੇ ਬੱਸ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਹੈ। ਕਾਰ ਵਿਚ ਸਵਾਰ ਇਕ ਵਿਅਕਤੀ, ਇਕ ਔਰਤ ਅਤੇ ਇਕ ਬੱਚਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਸੂਚਨਾ ਮਿਲਦੇ ਹੀ ਚੜ੍ਹਦੀਕਲਾ ਵੈਲਫੇਅਰ ਸੇਵਾ ਸੋਸਾਇਟੀ ਦੇ ਸੇਵਾਦਾਰ ਮੀਤ ਸਿੰਘ ਮੀਤਾ ਗੋਰਾ ਔਲਖ ਅਤੇ ਰਾਜਵੀਰ ਸਿੰਘ ਤੁਰੰਤ ਹੀ ਘਟਨਾ ਸਥਾਨ 'ਤੇ ਪਹੁੰਚੇ। ਪਿੰਡ ਵਾਸੀਆਂ ਅਤੇ ਵਾਰਸਾਂ ਦੀ ਸਹਾਇਤਾ ਨਾਲ ਇਨ੍ਹਾਂ ਨੂੰ ਇਕ ਪ੍ਰਾਈਵੇਟ ਗੱਡੀ ਰਾਹੀਂ ਸਿਵਲ ਹਸਪਤਾਲ ਜੈਤੋ ਵਿਖੇ ਪਹੁੰਚਾਇਆ ਗਿਆ।
ਹਸਪਤਾਲ ਵਿਚ ਐਮਰਜੰਸੀ ਲਈ ਡਾਕਟਰ ਮੌਜੂਦ ਨਾ ਹੋਣ ਕਾਰਨ ਹਸਪਤਾਲ 'ਚ ਮੌਜੂਦ ਕਰਮਚਾਰੀਆਂ ਵੱਲੋਂ ਜ਼ਖਮੀਆਂ ਨੂੰ ਪਹਿਲੀ ਸਹਾਇਤਾ ਮੁਹੱਈਆ ਕਰਵਾਉਣ ਉਪਰੰਤ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਵਾਰਸਾਂ ਦੀ ਮਰਜ਼ੀ ਅਨੁਸਾਰ ਇਨ੍ਹਾਂ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਜ਼ਖਮੀਆਂ ਦੀ ਪਛਾਣ ਅਮਨਦੀਪ ਕੌਰ (50) ਪਤਨੀ ਵਿਸਾਖਾ ਸਿੰਘ ਵਾਸੀ ਰਾਮੂਵਾਲਾ, ਖੁਸ਼ਦੀਪ ਸਿੰਘ (10) ਪੁੱਤਰ ਵਿਸਾਖਾ ਸਿੰਘ ਵਾਸੀ ਰਾਮੂਵਾਲਾ ਅਤੇ ਗੁਰਮੀਤ ਸਿੰਘ (45) ਸਪੁੱਤਰ ਮੁਕੰਦ ਸਿੰਘ ਵਾਸੀ ਰਾਮੂਵਾਲਾ ਵਜੋਂ ਹੋਈ।
ਚੜ੍ਹਦੀਕਲਾ ਸੇਵਾ ਸੁਸਾਇਟੀ ਦੇ ਪ੍ਰਧਾਨ ਮੀਤ ਸਿੰਘ ਮੀਤਾ ਨੇ ਦੱਸਿਆ ਕਿ ਸੜਕ 'ਤੇ ਚਲਦਿਆਂ, ਐਂਬੂਲੈਂਸ ਨੂੰ ਦੂਸਰੇ ਵਹੀਕਲਾਂ ਵੱਲੋਂ ਪਹਿਲ ਦੇ ਆਧਾਰ 'ਤੇ ਸਾਈਡ ਦੇਣੀ ਚਾਹੀਦੀ ਹੈ, ਤਾਂਕਿ ਕਿਸੇ ਜ਼ਖਮੀ ਇਨਸਾਨ ਦੀ ਜਾਨ ਬਚਾਈ ਜਾ ਸਕੇ। ਵਰਨਣਯੋਗ ਹੈ ਕਿ ਦੁਰਘਟਨਾ ਵਾਲੇ ਸਥਾਨ 'ਤੇ ਪਹੁੰਚਣ ਸਮੇਂ ਐਂਬੂਲੈਂਸ ਨੂੰ ਸਾਈਡ ਨਾ ਮਿਲਣ ਕਾਰਨ ਉਸਦਾ ਐਕਸੀਡੈਂਟ ਹੋ ਗਿਆ, ਜਿਸ ਕਾਰਨ ਚੜ੍ਹਦੀਕਲਾ ਸੇਵਾ ਸੋਸਾਇਟੀ ਦੇ ਸੇਵਾਦਾਰਾਂ ਵੱਲੋਂ ਜ਼ਖਮੀਆਂ ਨੂੰ ਇਕ ਪ੍ਰਾਈਵੇਟ ਗੱਡੀ ਰਾਹੀਂ ਹਸਪਤਾਲ ਵਿਚ ਪਹੁੰਚਾਉਣਾ ਪਿਆ।