ਬੁੜੈਲ ਜੇਲ੍ਹ ’ਚ ਨਸ਼ਾ ਪਦਾਰਥ ਤੇ ਫ਼ੋਨ ਰੋਕਣ ’ਚ ਜੇਲ੍ਹ ਪ੍ਰਸ਼ਾਸਨ ਨਾਕਾਮ

Wednesday, Jul 19, 2023 - 11:25 AM (IST)

ਬੁੜੈਲ ਜੇਲ੍ਹ ’ਚ ਨਸ਼ਾ ਪਦਾਰਥ ਤੇ ਫ਼ੋਨ ਰੋਕਣ ’ਚ ਜੇਲ੍ਹ ਪ੍ਰਸ਼ਾਸਨ ਨਾਕਾਮ

ਚੰਡੀਗੜ੍ਹ (ਸੁਸ਼ੀਲ ਰਾਜ) : ਬੁੜੈਲ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਕਿਉਂਕਿ ਬੁੜੈਲ ਜੇਲ੍ਹ 'ਚ ਕੈਦੀਆਂ ਕੋਲੋ ਮਹਿੰਗੇ ਤੋਂ ਮਹਿੰਗੇ ਨਸ਼ੇ ਵਾਲੇ ਪਦਾਰਥ ਅਤੇ ਮੋਬਾਇਲ ਫੋਨ ਮਿਲਣ ਨਾਲ ਬੁੜੈਲ ਜੇਲ੍ਹ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਬੁੜੈਲ ਜੇਲ੍ਹ ਦਾ ਪ੍ਰਸ਼ਾਸਨ ਇਨ੍ਹਾਂ ਕੈਦੀਆਂ ਅੱਗੇ ਬੇਵੱਸ ਹੈ। ਸਵਾਲ ਇਹ ਹੈ ਕਿ ਆਖ਼ਰ ਜੇਲ਼੍ਹ ਅੰਦਰ ਕੈਦੀਆਂ ਤੱਕ ਨਸ਼ੀਲੇ ਪਦਾਰਥ ਅਤੇ ਮੋਬਾਇਲ ਫ਼ੋਨ ਇੰਨੀ ਆਸਾਨੀ ਨਾਲ ਕਿਵੇਂ ਪਹੁੰਚ ਜਾਂਦੇ ਹਨ। ਅੱਤਵਾਦੀ ਅਤੇ ਬਦਨਾਮ ਗੈਂਗਸਟਰ ਮੋਬਾਇਲ ਫੋਨਾਂ ਰਾਹੀਂ ਜੇਲ੍ਹ ਵਿਚ ਬੈਠੇ ਆਰਾਮ ਨਾਲ ਆਪਣਾ ਗੈਂਗ ਚਲਾ ਸਕਦੇ ਹਨ। ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਵੀ ਬੁੜੈਲ ਜੇਲ੍ਹ ਵਿਚ ਬੰਦ ਹਨ। ਜੇਲ੍ਹ ਪ੍ਰਸ਼ਾਸਨ ਹਾਰ ਵਾਰ ਮੋਬਾਇਲ ਫ਼ੋਨ ਅਤੇ ਨਸ਼ੀਲੇ ਪਦਾਰਥ ਮਿਲਣ ’ਤੇ ਸੈਕਟਰ-49 ਥਾਣੇ ਵਿਚ ਕੈਦੀ ਖ਼ਿਲਾਫ਼ ਕੇਸ ਦਰਜ ਕਰਵਾ ਦਿੰਦਾ ਹੈ। ਵਾਰਡਨ ਦਾ ਵੀ ਜੇਲ੍ਹ ਦੇ ਅੰਦਰ ਤਬਾਦਲਾ ਕਰ ਦਿੱਤਾ ਜਾਂਦਾ ਹੈ ਪਰ ਜੇਲ੍ਹ ਅੰਦਰ ਨਸ਼ਿਆਂ ਅਤੇ ਮੋਬਾਇਲ ਫ਼ੋਨਾਂ ਨੂੰ ਰੋਕਣ ਵਿਚ ਪ੍ਰਸ਼ਾਸਨ ਹਰ ਵਾਰ ਅਸਫ਼ਲ ਰਹਿੰਦਾ ਹੈ। ਇਸ ਸਮੇਂ ਬੁੜੈਲ ਜੇਲ੍ਹ ਵਿਚ 1,120 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੈ, ਜਿਨ੍ਹਾਂ ਵਿਚ 1,000 ਮਰਦ ਅਤੇ 120 ਮਹਿਲਾ ਕੈਦੀ ਸ਼ਾਮਲ ਹਨ।
10 ਮੋਬਾਇਲ ਫੋਨ ਹੋ ਚੁੱਕੇ ਹਨ ਬਰਾਮਦ
ਪਿਛਲੇ ਸਾਲ ਬੁੜੈਲ ਜੇਲ੍ਹ ਵਿਚੋਂ 10 ਮੋਬਾਇਲ ਬਰਾਮਦ ਹੋਏ ਸਨ। 12 ਨਵੰਬਰ ਨੂੰ ਗੈਂਗਸਟਰ ਮਨਜੀਤ ਕੋਲੋਂ 9 ਨੰਬਰ ਸੈੱਲ ’ਚ ਮੋਬਾਇਲ ਬਰਾਮਦ ਹੋਇਆ ਸੀ। ਪੁਲਸ ਨੇ ਇਸ ਮਾਮਲੇ ਵਿਚ ਜੇਲ੍ਹ ਮੁਲਾਜ਼ਮ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਫਰਵਰੀ 2022 ਨੂੰ ਬੈਰਕ ਨੰਬਰ 8 ਤੋਂ ਦੀਪਕ (37) ਅਤੇ ਰਜਿੰਦਰ ਸਿੰਘ (38) ਕੋਲੋਂ ਮੋਬਾਇਲ ਫੋਨ, ਡਿਜੀਟਲ ਘੜੀਆਂ, ਚਾਰਜਰ, ਬੈਟਰੀਆਂ, ਡਾਟਾ ਕੇਬਲ ਅਤੇ ਬਿਜਲੀ ਦੀਆਂ ਤਾਰਾਂ ਬਰਾਮਦ ਕੀਤੀਆਂ ਗਈਆਂ ਸਨ। ਇਸ ਤੋਂ ਪਹਿਲਾਂ ਬੈਰਕ ਨੰਬਰ-15 ਵਿਚ ਕੈਦੀ ਰਾਜਨ ਭੱਟੀ ਕੋਲੋਂ ਤਿੰਨ ਵਾਰ ਮੋਬਾਇਲ ਫੋਨ ਬਰਾਮਦ ਕੀਤੇ ਜਾ ਚੁੱਕੇ ਹਨ। ਜੇਲ੍ਹ ਨੰਬਰ-6 ਦੀ ਬੈਰਕ ਨੰਬਰ-12 ਵਿਚ ਕੈਦੀ ਸੋਨੂੰ ਉਰਫ਼ ਬੱਕਰੀ ਕੋਲੋਂ ਇਕ ਮੋਬਾਇਲ ਫ਼ੋਨ ਮਿਲਿਆ ਸੀ।
 


author

Babita

Content Editor

Related News