ਪਿੰਡ ਗਾਮੇ ਵਾਲਾ ਵਿਖੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਇਕ ਦੀ ਮੌਤ, 32 ਖ਼ਿਲਾਫ ਮਾਮਲਾ ਦਰਜ

Wednesday, Dec 21, 2022 - 04:11 PM (IST)

ਪਿੰਡ ਗਾਮੇ ਵਾਲਾ ਵਿਖੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਇਕ ਦੀ ਮੌਤ, 32 ਖ਼ਿਲਾਫ ਮਾਮਲਾ ਦਰਜ

ਫਿਰੋਜ਼ਪੁਰ (ਖੁੱਲਰ) : ਥਾਣਾ ਮਮਦੋਟ ਦੇ ਅਧੀਨ ਆਉਂਦੇ ਪਿੰਡ ਗਾਮੇ ਵਾਲਾ ਵਿਖੇ ਚੱਲੀਆਂ ਗੋਲੀਆਂ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਮਮਦੋਟ ਪੁਲਸ ਨੇ 7 ਬਾਏ ਨੇਮ ਵਿਅਕਤੀਆਂ ਸਮੇਤ 20-25 ਅਣਪਛਾਤੇ ਵਿਅਕਤੀਆਂ ਖ਼ਿਲਾਫ 302, 148, 149 ਆਈ. ਪੀ. ਸੀ. ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦਲੇਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਗਾਮੇ ਵਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਸਰਪੰਚ ਹਰਬੰਸ ਸਿੰਘ ਪੁੱਤਰ ਮਹਿੰਗਾ ਸਿੰਘ ਤੇ ਦੂਜੇ ਪਾਸੇ ਤੋਂ ਇੰਦਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੋਵੇਂ ਪਾਰਟੀਆਂ ਆਪੋ-ਆਪਣੇ ਕੋਠਿਆਂ ’ਤੇ ਚੜ੍ਹ ਕੇ ਇੱਟਾਂ ਰੋੜੇ ਚਲਾ ਰਹੇ ਸੀ, ਸਾਡੇ ਦੋਵਾਂ ਭਰਾਵਾਂ ਦਾ ਘਰ ਇਨ੍ਹਾਂ ਦੇ ਵਿਚਕਾਰ ਹੈ। ਦੋਵੇਂ ਪਾਰਟੀਆਂ ਨੇ ਇਕ ਦੂਜੇ ਵੱਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਫਾਇਰ ਦੀ ਆਵਾਜ਼ ਸੁਣ ਕੇ ਅਸੀਂ ਹਰਬੰਸ ਸਿੰਘ ਦੇ ਘਰ ਵੱਲ ਆਪਣੀ ਛੱਤ ਤੇ ਚੜ੍ਹ ਕੇ ਵੇਖਣ ਲੱਗੇ ਤਾਂ ਗੁਰਮੇਜ ਸਿੰਘ ਦੀ 315 ਬੋਰ ਦੀ ਰਾਇਫਲ ਦਾ ਫਾਇਰ ਜੋ ਉਸ ਨੇ ਸਾਡੇ ਵੱਲ ਚਲਾਇਆ ਜੋ ਉਸ ਦੇ ਭਰਾ ਸੁਰਿੰਦਰ ਸਿੰਘ ਦੇ ਪੇਟ ਦੇ ਸੱਜੇ ਪਾਸੇ ਲੱਗੇ ਜੋ ਡਿੱਗ ਪਿਆ। 

ਦਲੇਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਭਰਾ ਨੂੰ ਆਪਣੀ ਗੱਡੀ ਵਿਚ ਪਾ ਕੇ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਵਿਖੇ ਲੈ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮੁੱਖ ਅਫਸਰ ਲੇਖ ਰਾਜ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਹਰਬੰਸ ਸਿੰਘ ਪੁੱਤਰ ਮਹਿੰਗਾ ਸਿੰਘ, ਗੁਰਮੇਜ ਸਿੰਘ ਪੁੱਤਰ ਮਹਿੰਦਰ ਸਿੰਘ, ਮਲਕੀਤ ਸਿੰਘ ਪੁੱਤਰ ਹਰਬੰਸ ਸਿੰਘ, ਪ੍ਰੇਮ ਸਿੰਘ ਪੁੱਤਰ ਮਹਿੰਗਾ ਸਿੰਘ, ਅੰਗਰੇਜ਼ ਸਿੰਘ ਪੁੱਤਰ ਮਹਿੰਗਾ ਸਿੰਘ, ਬੋਬੀ ਪੁੱਤਰ ਰੇਸ਼ਮ ਸਿੰਘ, ਦਰਸ਼ਨ ਸਿੰਘ ਪੁੱਤਰ ਜੱਗਾ ਰਾਮ ਵਾਸੀਅਨ ਪਿੰਡ ਗਾਮੇ ਵਾਲਾ ਅਤੇ 20-25 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News