ਜਾਖੜ ਤੇ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਮਿਲਣਗੇ ਬੁਲੇਟ ਪਰੂਫ ਵਾਹਨ

07/19/2018 6:54:28 AM

ਜਲੰਧਰ (ਧਵਨ) - ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸੂਬੇ ਦੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਲਦੀ ਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਬੁਲੇਟ ਪਰੂਫ ਵਾਹਨ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਮੁਹੱਈਆ ਕਰਵਾਏ ਜਾ ਰਹੇ ਹਨ। ਜਾਖੜ ਅਤੇ ਜੇਲ ਮੰਤਰੀ ਰੰਧਾਵਾ ਨੇ ਗੈਂਗਸਟਰਾਂ ਤੇ ਅੱਤਵਾਦੀਆਂ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ। ਪੁਲਸ ਦੇ ਉੱਚ ਅਧਿਕਾਰੀਆਂ ਮੁਤਾਬਕ ਦੋਵਾਂ ਨੇਤਾਵਾਂ ਨੂੰ ਬੁਲੇਟ ਪਰੂਫ ਐੱਸ. ਯੂ. ਵੀ ਵਾਹਨ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਏਜੰਸੀਆਂ ਚਿੰਤਤ ਹਨ।
ਗ੍ਰਹਿ ਵਿਭਾਗ ਨੇ ਦੋਵਾਂ ਨੇਤਾਵਾਂ ਦੀ ਸੁਰੱਖਿਆ 'ਚ ਬੁਲੇਟ ਪਰੂਫ ਵਾਹਨ ਲਾਉਣ ਦੀ ਮਨਜ਼ੂਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗੀ ਹੈ। ਰੰਧਾਵਾ ਕੈਪਟਨ ਸਰਕਾਰ 'ਚ ਅਜਿਹੇ ਪਹਿਲੇ ਮੰਤਰੀ ਹੋਣਗੇ ਜਿਨ੍ਹਾਂ ਨੂੰ ਬੁਲੇਟ ਪਰੂਫ ਵਾਹਨ ਮੁਹੱਈਆ ਕਰਵਾਏ ਜਾਣ ਦਾ ਪ੍ਰਸਤਾਵ ਹੈ। ਜੇਲ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਜੇਲਾਂ ਅੰਦਰ ਗੈਂਗਸਟਰ ਦੀਆਂ ਸਰਗਰਮੀਆਂ 'ਤੇ ਰੰਧਾਵਾ ਨੇ ਪੂਰੀ ਤਰ੍ਹਾਂ ਰੋਕ ਲਾਈ ਅਤੇ ਨਾਲ ਹੀ ਮੁੱਖ ਮੰਤਰੀ ਦੇ ਸਾਹਮਣੇ ਜੇਲਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨੀਮ ਫੌਜੀ ਬਲਾਂ ਨੂੰ ਸੌਂਪਣ ਦਾ ਪ੍ਰਸਤਾਵ ਰੱਖਿਆ ਸੀ, ਜਿਸ ਨੂੰ ਮੁੱਖ ਮੰਤਰੀ ਨੇ ਸਵੀਕਾਰ ਕੀਤਾ।
ਇਸੇ ਤਰ੍ਹਾਂ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਲਗਾਤਾਰ ਗੈਂਗਸਟਰ ਦੇ ਵਿਰੁੱਧ ਬੋਲ ਰਹੇ ਹਨ ਅਤੇ ਉਹ ਸਰਹੱਦੀ ਗੁਰਦਾਸਪੁਰ ਲੋਕ ਸਭਾ ਖੇਤਰ ਦਾ ਪ੍ਰਤੀਨਿਧੀਤੱਤਵ ਕਰਦੇ ਹਨ। ਇਸ ਲਈ ਉਨ੍ਹਾਂ ਦੀ ਸੁਰੱਖਿਆ ਦੀ ਵੀ ਦੁਬਾਰਾ ਸਮੀਖਿਆ ਹੋ ਰਹੀ ਹੈ ਤਾਂ ਜੋ ਉਸ ਨੂੰ ਮਜ਼ਬੂਤ ਬਣਾਇਆ ਜਾ ਸਕੇ। ਦੂਜੇ ਪਾਸੇ ਪੰਜਾਬ ਪੁਲਸ ਨੇ ਵਿੱਤ ਵਿਭਾਗ ਨੂੰ ਪ੍ਰਸਤਾਵ ਲਿਖਿਆ ਹੈ ਕਿ 118 ਨਵੀਆਂ ਜਿਪਸੀਆਂ ਦੀ ਖਰੀਦ ਦੀ ਇਜਾਜ਼ਤ ਦਿੱਤੀ ਜਾਵੇ।ਇਹ ਨਵੀਆਂ ਗੱਡੀਆਂ ਵੀ. ਵੀ.ਆਈ. ਪੀ. ਸੁਰੱਖਿਆ ਦੇ ਘੇਰੇ 'ਚ ਆਉਂਦੇ ਨੇਤਾਵਾਂ ਨੂੰ ਦਿੱਤੀਆਂ ਜਾਣੀਆਂ ਹਨ। ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਉਨ੍ਹਾਂ ਨੇਤਾਵਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਪੱਖ 'ਚ ਹੈ ਜਿਸ ਨੂੰ ਅਸਲ 'ਚ ਅੱਤਵਾਦੀਆਂ ਅਤੇ ਗੈਂਗਸਟਰ ਤੋਂ ਖਤਰਾ ਹੈ। ਫਿਲਹਾਲ ਇਨ੍ਹਾਂ ਨੇਤਾਵਾਂ ਕੋਲ ਜਿਹੜੇ ਸੁਰੱਖਿਆ ਵਾਹਨ ਹਨ, ਉਹ ਕਾਫੀ ਪੁਰਾਣੇ ਹਨ ਅਤੇ ਉਨ੍ਹਾਂ ਨੂੰ ਹੁਣ ਤਬਦੀਲ ਕੀਤੇ ਜਾਣ ਦੀ ਲੋੜ ਹੈ।


Related News