ਸੰਸਦ ਦੀਆਂ ਪੌੜੀਆਂ ਚੜੇ ਸੁਖਜਿੰਦਰ ਸਿੰਘ ਰੰਧਾਵਾ, ਸਿਆਸੀ ਪਿਛੋਕੜ 'ਤੇ ਮਾਰੋ ਇਕ ਝਾਤ

Tuesday, Jun 04, 2024 - 07:05 PM (IST)

ਸੰਸਦ ਦੀਆਂ ਪੌੜੀਆਂ ਚੜੇ ਸੁਖਜਿੰਦਰ ਸਿੰਘ ਰੰਧਾਵਾ, ਸਿਆਸੀ ਪਿਛੋਕੜ 'ਤੇ ਮਾਰੋ ਇਕ ਝਾਤ

ਗੁਰਦਾਸਪੁਰ (ਹਰਮਨ)- 18ਵੀਆਂ ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸੁਖਜਿੰਦਰ ਸਿੰਘ ਰੰਧਾਵਾ ਸਿਆਸੀ ਅਤੇ ਸਮਾਜਿਕ ਕਾਰਜਾਂ ਪੱਖੋਂ ਕਿਸੇ ਪਛਾਣ ਦੇ ਮੁਥਾਜ ਨਹੀਂ ਹਨ, ਉਹ ਪੰਜਾਬ ਕਾਂਗਰਸ ਦੇ ਦੋ ਵਾਰ ਪ੍ਰਧਾਨ ਰਹੇ ਉੱਘੇ ਸਿਆਸਤਦਾਨ ਸਵ. ਸੰਤੋਖ ਸਿੰਘ ਰੰਧਾਵਾ ਦੇ ਸਪੁੱਤਰ ਹਨ। ਸੰਤੋਖ ਸਿੰਘ ਰੰਧਾਵਾ ਵਿਧਾਇਕ ਅਤੇ ਮੰਤਰੀ ਵਜੋਂ ਸੇਵਾ ਕਰਨ ਵਾਲੇ ਅਜਿਹੇ ਕਾਂਗਰਸੀ ਆਗੂ ਸਨ ਜਿਨ੍ਹਾਂ ਦੀ ਪਹੁੰਚ ਸਿੱਧੀ ਮਰਹੂਮ ਇੰਦਰਾ ਗਾਂਧੀ ਅਤੇ ਕਾਂਗਰਸ ਦੇ ਦਿੱਗਜ ਨੇਤਾਵਾਂ ਤੱਕ ਰਹੀ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ 1959 ਵਿੱਚ ਸੰਤੋਖ ਸਿੰਘ ਰੰਧਾਵਾ ਦੇ ਘਰ ਜਨਮ ਲਿਆ। ਪਰਿਵਾਰ ਤੋਂ ਹੀ ਸਿਆਸਤ ਦੀ ਗੁੜਤੀ ਮਿਲਣ ਦੇ ਬਾਅਦ ਸੁਖਜਿੰਦਰ ਰੰਧਾਵਾ ਆਪਣੇ ਪਿਤਾ ਦੇ ਨਾਲ ਲਗਾਤਾਰ ਸਰਗਰਮ ਰਹੇ ਅਤੇ 2002 ਵਿੱਚ ਉਹ ਪਹਿਲੀ ਵਾਰ ਬਤੌਰ ਵਿਧਾਇਕ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜੇ। ਉਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਉਨ੍ਹਾਂ ਨੂੰ ਮੁੱਖ ਸੰਸਦੀ ਸਕੱਤਰ ਖੇਤੀਬਾੜੀ ਦਾ ਅਹਿਮ ਅਹੁੱਦਾ ਮਿਲਿਆ।

ਇਹ ਵੀ ਪੜ੍ਹੋ- ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਕਰਾਰ

ਰੰਧਾਵਾ 2012 ਅਤੇ 2017 ਵਿੱਚ ਮੁੜ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਚੁਣੇ ਗਏ। ਸੁਖਜਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਮੌਕੇ ਸਹਿਕਾਰਤਾ ਅਤੇ ਜੇਲ੍ਹ ਵਿਭਾਗ ਦੇ ਕੈਬਨਿਟ ਮੰਤਰੀ ਰਹੇ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਮੌਕੇ ਉਹ ਉਪ ਮੁੱਖ ਮੰਤਰੀ ਵੀ ਰਹੇ। ਉਹ  2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਦੋਂ ਕਾਂਗਰਸ ਸਮੇਤ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੱਡੀਆਂ ਹਾਰਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਮੌਕੇ ਵੀ ਰੰਧਾਵਾ ਹਲਕਾ ਡੇਰਾ ਬਾਬਾ ਨਾਨਕ ਵਿਚ ਚੋਣ ਜਿੱਤ ਗਏ ਵਿਧਾਇਕ ਚੁਣੇ ਗਏ ਅਤੇ ਇਸ ਮੌਕੇ ਵੀ ਡੇਰਾ ਬਾਬਾ ਨਾਨਕ ਦੇ ਵਿਧਾਇਕ ਹਨ। ਕਾਂਗਰਸ ਹਾਈਕਮਾਨ ਨੇ ਉਨਾਂ ਨੂੰ ਰਾਜਸਥਾਨ ਵਿਚ ਕਾਂਗਰਸੀ ਮਾਮਲਿਆਂ ਦਾ ਇੰਚਾਰਜ ਵੀ ਨਿਯੁਕਤ ਕੀਤਾ। ਰੰਧਾਵਾ ਵੱਖ ਵੱਖ ਸਮੇਂ ਦੌਰਾਨ ਆਪਣੇ ਸਿਆਸੀ ਵਿਰੋਧੀ ਅਕਾਲੀ ਦਲ ਖਿਲਾਫ ਤਿੱਖੀਆਂ ਅਤੇ ਤਲਖ ਟਿੱਪਣੀਆਂ ਕਰਦੇ ਰਹੇ ਸਨ ਅਤੇ ਪੰਜਾਬ ਅੰਦਰ ਨਸ਼ਾਖੋਰੀ ਨੂੰ ਮੁਕੰਮਲ ਤੌਰ 'ਤੇ ਖਤਮ ਕਰਨ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਬੰਦ ਕਰਨ ਲਈ ਫਰੰਟ ਲਾਈਨ 'ਤੇ ਲੜਾਈ ਵਿਚ ਵੀ ਮੋਹਰੀ ਰਹੇ। ਕਈ ਮੁਦਿੱਆਂ ਨੂੰ ਲੈ ਕੇ ਜਦੋਂ ਕਾਂਗਰਸ ਸਰਕਾਰ ਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਈ ਆਗੂਆਂ ਦੇ ਮਤਭੇਦ ਹੋਏ ਤਾਂ ਉਸ ਮੌਕੇ ਵੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੱਸ਼ਟ ਸਟੈਂਡ ਲਿਆ। ਹੁਣ ਵੀ ਪਾਰਟੀ ਨੇ ਉਨਾਂ 'ਤੇ ਭਰੋਸਾ ਜਤਾ ਕੇ ਚੋਣ ਮੈਦਾਨ ਵਿਚ ਉਤਾਰਿਆ ਸੀ ਅਤੇ ਵੋਟਰਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਵਿਚ ਫਤਵਾ ਦਿੱਤਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੇ ਮਾਰੀ ਹੈਟ੍ਰਿਕ, ਹਾਸਲ ਕੀਤੀ ਵੱਡੀ ਜਿੱਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News