ਬੁਲੇਟ ਮੋਟਰਸਾਈਕਲ ਤੋਂ ਪਟਾਕੇ ਮਾਰਨ ਵਾਲਿਆਂ ਦੀ ਆਈ ਸ਼ਾਮਤ, ਪੁਲਸ ਨੇ ਕੀਤਾ ਇੰਝ ਕਾਬੂ

08/23/2017 12:15:38 PM

ਸੁਲਤਾਨਪੁਰ ਲੋਧੀ(ਸੋਢੀ)— ਸਕੂਲ-ਕਾਲਜ ਜਾਂਦੀਆਂ ਵਿਦਿਆਰਥਣਾਂ ਦਾ ਪਿੱਛਾ ਕਰਨ ਅਤੇ ਮੋਟਰਸਾਈਕਲ 'ਤੇ ਪਟਾਕੇ ਵਜਾਉਣ ਵਾਲਿਆਂ ਦੀ ਵੀ ਹੁਣ ਸ਼ਾਮਤ ਆ ਗਈ ਹੈ। ਸੰਦੀਪ ਸ਼ਰਮਾ ਸੀਨੀਅਰ ਪੁਲਸ ਕਪਤਾਨ ਦੇ ਹੁਕਮਾਂ 'ਤੇ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਕੁੜੀਆਂ ਮਗਰ ਬੁਲੇਟ ਮੋਟਰਸਾਈਕਲ 'ਤੇ ਪਟਾਕੇ ਮਾਰਨ ਦੇ ਦੋਸ਼ ਹੇਠ 2 ਮੁਲਜ਼ਮਾਂ ਖਿਲਾਫ ਧਾਰਾ 188 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਮਨਜਿੰਦਰ ਸਿੰਘ ਪੁੱਤਰ ਰਤਨ ਸਿੰਘ ਅਤੇ ਬਲਰਾਜ ਸਿੰਘ ਪੁੱਤਰ ਸੁਖਦੇਵ ਸਿੰਘ ਦੋਵੇਂ ਨਿਵਾਸੀ ਤਲਵੰਡੀ ਮਾਧੋ ਸਵੇਰ ਸਮੇਂ ਸਕੂਲ 'ਚ ਆਉਂਦੀਆਂ ਲੜਕੀਆਂ ਦੇ ਪਿੱਛੇ-ਪਿੱਛੇ ਆ ਕੇ ਬੁਲੇਟ ਮੋਟਰਸਾਈਕਲ ਨਾਲ ਪਟਾਕੇ ਮਾਰਦੇ ਸਨ ਅਤੇ ਲੜਕੀਆਂ ਦਾ ਪਿੱਛਾ ਕਰਕੇ ਪਰੇਸ਼ਾਨ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਕ ਵਾਰ ਪੁਲਸ ਵੱਲੋਂ ਦੋਹਾਂ ਨੂੰ ਪਟਾਕੇ ਮਾਰਦਿਆਂ ਨੂੰ ਫੜ ਕੇ ਚਿਤਾਵਨੀ ਦੇ ਕੇ ਛੱਡਿਆ ਸੀ ਪਰ ਇਹ ਬਾਜ਼ ਨਹੀਂ ਆਏ। ਬੀਤੇ ਦਿਨ ਫਿਰ ਮੋਟਰਸਾਈਕਲ ਤੋਂ ਪਟਾਕੇ ਮਾਰਦੇ ਦੋਹਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਥਾਣਾ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਸਰਬਜੀਤ ਸਿੰਘ ਨੇ ਇਲਾਕੇ ਦੇ ਮਜਨੂੰਆਂ ਅਤੇ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲੀ ਮੰਡੀਰ ਨੂੰ ਚਿਤਾਵਨੀ ਦਿੱਤੀ ਕਿ ਉਹ ਬਾਜ਼ ਆ ਜਾਣ ਨਹੀਂ ਤਾਂ ਕੇਸ ਦਰਜ ਕਰਕੇ ਅੰਦਰ ਭੇਜੇ ਜਾਣਗੇ।


Related News