ਵੱਡੀ ਖ਼ਬਰ: ਪੰਜਾਬ ਦੇ ਸੀਨੀਅਰ IAS ਅਧਿਕਾਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 'ਤੇ ਚੱਲੀ ਗੋਲ਼ੀ

Monday, Nov 13, 2023 - 04:00 PM (IST)

ਚੰਡੀਗੜ੍ਹ- ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਦੀਵਾਲੀ ਦੀ ਰਾਤ ਸੈਕਟਰ 24 ਸਥਿਤ ਪੰਜਾਬ ਦੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਦੀ ਸਰਕਾਰੀ ਰਿਹਾਇਸ਼ 'ਤੇ ਫਾਇਰਿੰਗ ਕੀਤੀ ਗਈ। ਇਸ ਘਟਨਾ ਤੋਂ ਬਾਅਦ ਦਹਿਸ਼ਤ ਵਿਚ ਆਏ ਅਧਿਕਾਰੀ ਨੇ ਦੇਰ ਰਾਤ ਪੁਲਸ ਨੂੰ ਫੋਨ ਕਰਕੇ ਘਟਨਾ ਸਬੰਧੀ ਸੂਚਿਤ ਕੀਤਾ। ਮੀਡੀਆ ਰਿਪੋਰਟ ਮੁਤਾਬਕ ਸੂਚਨਾ ਮਿਲਦੇ ਹੀ ਕ੍ਰਾਈਮ ਬਰਾਂਚ ਦੇ ਦੇ ਡੀ. ਸੀ. ਪੀ. ਕ੍ਰਾਈਮ ਉਦੈਭਾਨ ਸਿੰਘ ਸਮੇਤ ਫੋਰੈਂਸਿਕ ਜਾਂਚ ਦੇ ਮਾਹਿਰ ਮੌਕੇ ਉਤੇ ਪਹੁੰਚੇ ਅਤੇ ਜਾਂਚ ਲਈ ਸੈਂਪਲ ਇਕੱਠੇ ਕੀਤੇ ਗਏ। ਜਾਂਚ ਦੌਰਾਨ ਪੁਲਸ ਨੇ ਘਰ ਦੇ ਕਮਰੇ ਵਿਚੋਂ ਇਕ ਗੋਲ਼ੀ ਵੀ ਬਰਾਮਦ ਕੀਤੀ ਹੈ। ਉਥੇ ਹੀ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਵੀ ਖੰਗਾਲੇ ਜਾ ਰਹੇ ਹਨ। 

ਦੱਸਿਆ ਜਾ ਰਿਹਾ ਹੈ ਕਿ ਉਕਤ ਘਟਨਾ ਆਈ. ਏ. ਐੱਸ. ਅਧਿਕਾਰੀ ਵਰਿੰਦਰ ਕੁਮਾਰ ਸ਼ਰਮਾ ਦੇ ਘਰ ਵਾਪਰੀ ਹੈ। ਘਟਨਾ ਸਮੇਂ ਵਰਿੰਦਰ ਕੁਮਾਰ ਸ਼ਰਮਾ ਆਪਣੇ ਪੂਰੇ ਪਰਿਵਾਰ ਨਾਲ ਘਰ 'ਚ ਹੀ ਮੌਜੂਦ ਸਨ। ਗੋਲ਼ੀਬਾਰੀ ਦੀ ਇਸ ਘਟਨਾ ਵਿਚ ਕੋਈ ਨੁਕਸਾਨ ਨਹੀਂ ਹੋਇਆ ਹੈ। ਵਰਿੰਦਰ ਕੁਮਾਰ ਸ਼ਰਮਾ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ ਤਾਇਨਾਤ ਹਨ ਅਤੇ ਇਨ੍ਹਾਂ ਦਿਨਾਂ ਵਿਚ ਉਨ੍ਹਾਂ ਦੀ ਤਾਇਨਾਤੀ ਚੰਡੀਗੜ੍ਹ ਵਿਚ ਹੀ ਹੈ।  

ਇਹ ਵੀ ਪੜ੍ਹੋ:  ਭਾਈ-ਦੂਜ ਤੋਂ ਪਹਿਲਾਂ ਭੈਣ-ਭਰਾ ਨੇ ਇਕੱਠਿਆਂ ਦੁਨੀਆ ਨੂੰ ਕਿਹਾ ਅਲਵਿਦਾ, ਮੰਜ਼ਰ ਵੇਖ ਸਹਿਮੇ ਲੋਕ

ਚੰਡੀਗੜ੍ਹ ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਰਿੰਦਰ ਕੁਮਾਰ ਸ਼ਰਮਾ ਦੀਵਾਲੀ ਦੀ ਰਾਤ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ’ਤੇ ਪੂਜਾ ਕਰਨ ਮਗਰੋਂ ਪਰਿਵਾਰਕ ਮੈਂਬਰਾਂ ਨਾਲ ਬੈਠੇ ਸਨ। ਇਸ ਦੌਰਾਨ ਸੜਕ ਤੋਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਰਿਹਾਇਸ਼ 'ਤੇ ਗੋਲ਼ੀ ਚਲਾ ਦਿੱਤੀ। ਚਲਾਈ ਗਈ ਗੋਲ਼ੀ ਵਰਿੰਦਰ ਕੁਮਾਰ ਸ਼ਰਮਾ ਦੇ ਘਰ ਦੇ ਇਕ ਕਮਰੇ ਦੀ ਖਿੜਕੀ ਵਿਚ ਜਾ ਵੱਜੀ, ਜੋਕਿ ਪਲਾਈ ਨਾਲ ਬੰਦ ਸੀ। ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਗੋਲ਼ੀ ਪਲਾਈ ਵਿਚ ਹੀ ਫਸ ਗਈ ਸੀ। 

ਮਾਮਲਾ ਸੀਨੀਅਰ ਸਰਕਾਰੀ ਅਫ਼ਸਰ ਨਾਲ ਸਬੰਧਤ ਹੋਣ ਕਾਰਨ ਚੰਡੀਗੜ੍ਹ ਪੁਲਸ ਦੇ ਡੀ. ਸੀ. ਪੀ. ਕ੍ਰਾਈਮ ਉਦੈਭਾਨ ਸਿੰਘ, ਸੈਕਟਰ-11 ਥਾਣੇ ਦੇ ਐੱਸ. ਐੱਚ. ਓ. ਅਤੇ ਸੈਕਟਰ 24 ਥਾਣੇ ਦੇ ਇੰਚਾਰਜ ਰਾਤ ਨੂੰ ਹੀ ਮੌਕੇ ’ਤੇ ਪਹੁੰਚ ਗਏ। ਮੌਕੇ 'ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ, ਜਿਸ ਨੇ ਮੌਕੇ ਤੋਂ ਗੋਲ਼ੀ ਦਾ ਖਾਲੀ ਖੋਲ੍ਹ ਬਰਾਮਦ ਕੀਤਾ ਹੈ। ਉਥੇ ਹੀ ਪੁਲਸ ਨੇ ਇਸ ਮਾਮਲੇ 'ਚ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ:  ਜਲੰਧਰ 'ਚ ਮਨਾਇਆ ਗਿਆ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ, ਲੋਕਾਂ ਨੇ ਖ਼ੂਬ ਚਲਾਏ ਪਟਾਕੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


shivani attri

Content Editor

Related News