ਪੁੱਡਾ ਵਲੋਂ 8 ਕਰੋੜ ’ਚ ਬਣਾਈ ਗਈ ਜੀ. ਐੱਸ. ਟੀ. ਭਵਨ ਦੀ ਇਮਾਰਤ ਬਣਦੀ ਜਾ ਰਹੀ ਖਸਤਾਹਾਲ

Thursday, Aug 30, 2018 - 05:45 AM (IST)

ਜਲੰਧਰ,   (ਬੁਲੰਦ)-  8 ਕਰੋੜ ਦੀ ਲਾਗਤ ਨਾਲ ਇਕ ਸਾਲ ਪਹਿਲਾਂ  ਬਣਾਇਆ ਗਿਆ ਜੀ.ਐੈੱਸ.ਟੀ. ਭਵਨ ਜਿਸ ਵਿਚ ਐਕਸਾਈਜ਼ ਵਿਭਾਗ ਦੇ ਦਫਤਰ ਸਥਿਤ ਹਨ ਉਸਦੀ ਹਾਲਤ ਇਕ ਸਾਲ  ਵਿਚ ਹੀ ਖਸਤਾ ਹੁੰਦੀ ਨਜ਼ਰ ਆ ਰਹੀ ਹੈ। ਸਿਰਫ ਜੀ. ਐੱਸ. ਟੀ. ਭਵਨ ਦੀ ਹੀ ਗੱਲ ਨਹੀਂ ਹੈ   ਇਸ ਵੱਲ ਜਾਂਦੀ ਸੜਕ ਦੀ ਹਾਲਤ ਵੀ ਖਸਤਾ ਹੈ। ਪੁੱਡਾ ਵਲੋਂ ਇਸ ਇਮਾਰਤ ਨੂੰ ਬਣਾਇਆ ਗਿਆ  ਪਰ ਇਸਦੀ ਰੋਡ ਦਾ ਸੀਵਰੇਜ ਮੇਨ ਸੀਵਰ ਨਾਲ ਜੋੜਿਆ ਨਹੀਂ ਗਿਆ। ਜਿਸ ਕਾਰਨ ਬਿਨਾਂ ਮੀਂਹ ਦੇ ਹੀ ਸਾਰੀ ਸੜਕ ’ਤੇ ਪਾਣੀ ਖੜ੍ਹਾ ਰਹਿੰਦਾ ਹੈ। 
ਜੀ.  ਐੱਸ. ਟੀ. ਭਵਨ ਜੋ ਕਿ ਪੁੱਡਾ ਵਲੋਂ ਤਕਰੀਬਨ  1 ਸਾਲ ਪਹਿਲਾਂ ਬਣਾਇਆ ਗਿਆ ਸੀ ਉਸਦੀ ਇਕ  ਸਾਲ ਵਿਚ ਹੀ ਇਹ ਹਾਲਾਤ ਹੈ ਕਿ ਤਿੰਨ ਮੰਜ਼ਿਲਾ ਇਸ ਇਮਾਰਤ ਵਿਚ ਜਗ੍ਹਾ-ਜਗ੍ਹਾ ਸਲ੍ਹਾਬੇ ਨਾਲ  ਕੰਧਾਂ ਖਰਾਬ ਹੋਈਆਂ ਪਈਆਂ ਹਨ। ਬਾਥਰੂਮਾਂ ਵਿਚ ਪਾਣੀ ਦੀ ਲੀਕੇਜ ਰੁਕਣ ਦਾ ਨਾਂ ਨਹੀਂ  ਲੈ ਰਹੀ। ਸਫਾਈ ਦੇ ਨਾਂ ’ਤੇ ਤਾਂ ਜੀ. ਐੱਸ. ਟੀ. ਭਵਨ ਦੀ ਹਾਲਤ ਬੇਹੱਦ ਖਰਾਬ ਹੈ। ਪੱਕੇ  ਸਫਾਈ ਕਰਮਚਾਰੀ ਨਾ ਹੋਣ ਕਾਰਨ ਸਾਰੀ ਇਮਾਰਤ ਵਿਚ ਥਾਂ-ਥਾਂ ਗੰਦਗੀ ਪਈ ਸਾਫ ਨਜ਼ਰ ਆਉਂਦੀ  ਹੈ। ਕੰਧਾਂ ’ਤੇ ਪਾਨ ਦੀ ਪੀਕ ਦੇ ਨਿਸ਼ਾਨ ਸਾਫ ਦੱਸਦੇ ਹਨ ਕਿ ਸਫਾਈ ਦੇ ਨਾਂ ’ਤੇ ਇਸ  ਦਫਤਰ ਵਿਚ ਸਿਰਫ ਖਾਨਾਪੂਰਤੀ ਹੁੰਦੀ ਹੈ। ਇੰਨਾ ਹੀ ਨਹੀਂ ਇਸ ਦਫਤਰ ਵਿਚ ਜਗ੍ਹਾ-ਜਗ੍ਹਾ  ਬਿਜਲੀ ਦੇ ਸਵਿੱਚ ਖਰਾਬ ਤੇ ਟੁੱਟੇ ਹੋਏ ਹਨ। ਪੌੜੀਆਂ ਤੇ ਫਰਸ਼ ’ਤੇ ਦਿਨ ਭਰ ਮਿੱਟੀ ਤੇ  ਜੁੱਤੀਆਂ ਦੇ ਨਿਸ਼ਾਨ ਚਮਕਦੇ ਰਹਿੰਦੇ ਹਨ। ਹਾਲਾਤ ਇਹ ਹਨ ਕਿ ਇਸਨੂੰ ਦੇਖ ਕੇ ਕੋਈ ਕਹਿ ਹੀ  ਨਹੀਂ ਸਕਦਾ ਕਿ ਇਹ ਉਹ ਦਫਤਰ ਹੈ ਜਿਸ ਤੋਂ ਜ਼ਿਲੇ ਦੇ ਕਾਰੋਬਾਰੀ ਥਰ-ਥਰ ਕੰਬਦੇ ਹਨ ਤੇ  ਭਾਰੀ ਟੈਕਸ  ਭਰਦੇ ਹਨ। ਕਰੋੜਾਂ ਦਾ ਟੈਕਸ ਸਰਕਾਰੀ ਖਾਤੇ ਵਿਚ ਪਾਉਣ ਵਾਲਾ ਵਿਭਾਗ ਖੁਦ  ਕਿਸ ਤਰ੍ਹਾਂ ਮਾੜੇ ਪ੍ਰਬੰਧਾਂ ਦਾ ਸ਼ਿਕਾਰ ਹੈ ਉਸ ਦੀ ਪੋਲ ਦਫਤਰ ਵਿਚ ਐਂਟਰੀ ਲੈਂਦਿਆਂ ਹੀ  ਖੁੱਲ੍ਹ ਜਾਂਦੀ ਹੈ। ਜਦੋਂ ਪੌੜੀਆਂ ਹੇਠਾਂ ਕਬਾੜ ਤੇ ਹੋਰ ਮਲਬੇ ਦਾ ਢੇਰ ਨਜ਼ਰ ਆਉਂਦਾ  ਹੈ। ਇਸੇ ਤਰ੍ਹਾਂ ਦਫਤਰ ਵਿਚ ਥਾਂ-ਥਾਂ ਟੁੱਟਾ ਭੱਜਿਆ ਸਾਮਾਨ ਖਿੱਲਰਿਆ ਨਜ਼ਰ ਆਉਂਦਾ ਹੈ। 

ਹੋਣੀ ਚਾਹੀਦੀ ਵਿਜੀਲੈਂਸ ਜਾਂਚ- ਵਿਭਾਗੀ ਕਰਮਚਾਰੀ
ਮਾਮਲੇ  ਬਾਰੇ ਵਿਭਾਗੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਕ ਸਾਲ ਵਿਚ ਹੀ ਪੁੱਡਾ ਵਲੋਂ ਬਣਾਈ ਗਈ  ਕਰੋੜਾਂ ਦੀ ਲਾਗਤ ਵਾਲੀ ਇਮਾਰਤ ਦਾ ਖਸਤਾ ਹਾਲ ਹੋਣਾ ਆਪਣੇ ਆਪ ਵਿਚ ਹੀ ਵੱਡਾ ਸਵਾਲ ਹੈ।  ਇਸ ਲਈ ਇਸ ਬਿਲਡਿੰਗ ਦੀ ਵਿਜੀਲੈਂਸ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਨਾਲ ਹੀ ਬਿਲਡਿੰਗ  ਵਿਚ ਵਰਤੇ ਗਏ ਮਟੀਰੀਅਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਕਰਮਚਾਰੀਆਂ ਨੇ ਕਿਹਾ ਕਿ ਇਹ  ਜ਼ਰੂਰੀ ਨਹੀਂ ਹੈ ਕਿ ਵਿਜੀਲੈਂਸ ਵਾਲੇ ਸ਼ਿਕਾਇਤ ਆਉਣ ਦੀ ਹੀ ਉਡੀਕ ਕਰਨ ਉਨ੍ਹਾਂ ਨੂੰ  ਚਾਹੀਦਾ ਹੈ ਕਿ ਉਹ ਅਜਿਹੀਆਂ ਖਬਰਾਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਜਾਂਚ ਕਰਨ ਤਾਂ ਜੋ  ਪਤਾ ਲੱਗ ਸਕੇ ਕਿ ਕਰੋੜਾਂ ਦੀ ਲਾਗਤ ਨਾਲ ਬਣੀ ਇਮਾਰਤ ਕਿਵੇਂ ਟੁੱਟਦੀ ਤੇ ਸਲ੍ਹਾਬੇ ਦਾ  ਸ਼ਿਕਾਰ ਹੋ ਰਹੀ ਹੈ। ਲੋਕਾਂ ਨੇ ਦੱਸਿਆ ਕਿ ਵਿਭਾਗ ਦੇ ਕਈ ਕਮਰਿਆਂ ਦੇ ਦਰਵਾਜ਼ਿਆਂ ਤੇ  ਖਿੜਕੀਆਂ ਦੀਆਂ ਚੁਗਾਠਾਂ ਗਲਦੀਆਂ ਜਾ ਰਹੀਆਂ ਹਨ। ਇਸ ਤੋਂ ਸਾਫ ਹੈ ਕਿ ਲੱਕੜ ਵੀ ਘਟੀਆ  ਕੁਆਲਿਟੀ ਦੀ ਵਰਤੀ ਗਈ। ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।  ਮਾਮਲੇ ਬਾਰੇ ਵਿਭਾਗੀ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਇਸ ਬਾਰੇ ਕੁਝ ਵੀ  ਕਹਿਣ ਤੋਂ ਨਾਂਹ ਕਰ ਦਿੱਤੀ। 
 


Related News