ਬਿਲਡਿੰਗ ਵੇਚਣ ਦਾ ਝਾਂਸਾ ਦੇ ਕੇ 48 ਲੱਖ 32 ਹਜ਼ਾਰ ਦੀ ਠੱਗੀ, 3 ਔਰਤਾਂ ਸਮੇਤ 7 ਵਿਰੁੱਧ ਮਾਮਲਾ ਦਰਜ

07/31/2022 3:52:00 PM

ਮੋਗਾ (ਆਜ਼ਾਦ) : ਮੋਗਾ ਪੁਲਸ ਨੇ ਬਿਲਡਿੰਗ ਵੇਚਣ ਦਾ ਝਾਂਸਾ ਦੇ ਕੇ 48 ਲੱਖ 32 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਤਿੰਨ ਔਰਤਾਂ ਸਮੇਤ 7 ਵਿਰੁੱਧ ਥਾਣਾ ਬਾਘਾ ਪੁਰਾਣਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਬ੍ਰਿਜ਼ ਲਾਲ ਨਿਵਾਸੀ ਪਿੰਡ ਰਾਜੇਆਣਾ ਨੇ ਕਿਹਾ ਕਿ ਉਹ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿਖੇ ਕੋਮਨ ਸਰਵਿਸ ਸੈਂਟਰ ਨਾਂ ਦਾ ਕੈਫੇ ਚਲਾਉਂਦਾ ਹੈ, ਉਸਦੀ ਕਥਿਤ ਦੋਸ਼ੀ ਅਮਨਦੀਪ ਸਿੰਘ ਨਿਵਾਸੀ ਪਿੰਡ ਰਾਜੇਆਣਾ ਨਾਲ ਪੁਰਾਣੀ ਮਿੱਤਰਤਾ ਹੈ, ਜਿਸ ਦੀ ਪਿੰਡ ਰਾਜੇਆਣਾ ਵਿਖੇ ਵੈਰੋਕੇ ਰੋਡ ’ਤੇ ਫਰੈਂਡਜ਼ ਇੰਟਰਪ੍ਰਾਈਜ਼ਜ਼ ਦੇ ਨਾਂ ਦੀ ਫਰਮ ਹੈ ਅਤੇ ਇਨ੍ਹਾਂ ਦਾ ਬੱਸ ਸਟੈਂਡ ਨੇੜੇ ਪਿੰਡ ਸਮਾਲਸਰ ਵਿਖੇ ਵੀ ਦਫਤਰ ਹੈ ਅਤੇ ਇਹ ਲੋਕਾਂ ਨੂੰ ਵਿਦੇਸ਼ ਭੇਜਣ, ਫੰਡ ਸ਼ੋਅ ਕਰਨ, ਫੈਮਿਲੀ ਕੇਸ ਅਪਲਾਈ ਕਰਨ, ਸ਼ੇਅਰ ਬਾਜ਼ਾਰ ਅਤੇ ਮੈਰਿਜ ਰਜਿਸਟ੍ਰੇਸ਼ਨ ਕਰਦੇ ਸੀ।ਕਥਿਤ ਦੋਸ਼ੀ ਉਕਤ ਫਰਮ ਵਿਚ ਹਿੱਸੇਦਾਰ ਹਨ।

ਉਸ ਨੇ ਕਿਹਾ ਕਿ 2020 ਵਿਚ ਅਮਨਦੀਪ ਸਿੰਘ ਨੇ ਮੇਰੇ ਨਾਲ ਗੱਲ ਕੀਤੀ ਕਿ ਉਨ੍ਹਾਂ ਨੂੰ 35 ਲੱਖ ਰੁਪਏ ਦੀ ਜ਼ਰੂਰਤ ਹੈ, ਜਿਸ ਦੇ ਬਦਲੇ ਉਹ ਆਪਣੇ ਦਫਤਰ ਫਰੈਂਡਜ਼ ਇੰਟਰਪ੍ਰਾਈਜ਼ਜ਼ ਵਾਲੀ ਬਿਲਡਿੰਗ ਦੀ ਰਜਿਸਟਰੀ ਕਰਵਾਉਣ ਲਈ ਤਿਆਰ ਹੈ, ਜਿਸ ’ਤੇ ਮੈਂ ਪੈਸੇ ਦੇਣ ਲਈ ਹਾਂ ਕਰ ਦਿੱਤੀ ਅਤੇ 26 ਜੂਨ 2020 ਨੂੰ ਮੈਂ ਅਮਨਦੀਪ ਸਿੰਘ ਦੇ ਐਕਸਿਸ ਬੈਂਕ ਖਾਤੇ ਵਿਚ 6 ਲੱਖ 40 ਹਜ਼ਾਰ ਰੁਪਏ ਅਤੇ ਉਸਦੇ ਬਾਅਦ ਲਗਾਤਾਰ ਉਸਦੀ ਮੰਗ ਅਨੁਸਾਰ ਖਾਤਿਆਂ ਵਿਚ ਪੈਸੇ ਪਾਉਂਦਾ ਰਿਹਾ ਅਤੇ ਨਕਦ ਵੀ ਦਿੱਤੇ, ਜੋ 48 ਲੱਖ 32 ਹਜ਼ਾਰ ਰੁਪਏ ਹੋ ਗਏ।

ਮੈਨੂੰ ਮਿੱਤਰਤਾ ਹੋਣ ਕਰ ਕੇ ਉਸ ’ਤੇ ਭਰੋਸਾ ਸੀ, ਜਿਸ ਕਾਰਣ ਮੈਂ ਕਥਿਤ ਦੋਸ਼ੀਆਂ ਨਾਲ ਕੋਈ ਇਕਰਾਰਨਾਮਾ ਨਹੀਂ ਕੀਤਾ ਅਤੇ ਉਨ੍ਹਾਂ ਮੈਨੂੰ ਜਲਦ ਹੀ ਰਜਿਸਟਰੀ ਕਰਵਾਉਣ ਦਾ ਝਾਂਸਾ ਦਿੱਤਾ, ਮੈਨੂੰ ਬਿਲਡਿੰਗ ਦਾ ਕਬਜ਼ਾ ਦੇ ਦਿੱਤਾ। ਪਟਵਾਰੀਆਂ ਦੀ ਹੜਤਾਲ ਹੋਣ ਕਾਰਣ ਰਜਿਸਟਰੀ ਨਹੀਂ ਹੋਈ। ਸਾਰੇ ਦੋਸ਼ੀਆਂ ਨੇ ਮੈਨੂੰ ਇਹ ਵੀ ਕਿਹਾ ਕਿ ਉਕਤ ਬਿਲਡਿੰਗ ਬਾਰੇ ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ ਚੱਲਦਾ ਅਤੇ ਮੈਨੂੰ ਕਿਹਾ ਕਿ ਉਹ ਬੱਸ ਸਟੈਂਡ ਪਿੰਡ ਸਮਾਲਸਰ ਵਾਲੀ ਬਿਲਡਿੰਗ ਦੀ ਰਜਿਸਟਰੀ ਕਰਵਾ ਦੇਣਗੇ ਪਰ ਜਦੋਂ ਉਹ ਟਾਲ-ਮਟੋਲ ਕਰਨ ਲੱਗੇ ਤਾਂ ਜਦੋਂ ਮੈਂ ਮਾਲ ਰਿਕਾਰਡ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਇਸ ਜਗ੍ਹਾ ਦਾ ਅਦਾਲਤੀ ਕੇਸ ਚੱਲਦਾ ਹੈ। ਇਸ ਉਪਰੰਤ ਮੈਂ ਅਮਨਦੀਪ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਇਲਾਵਾ ਦੂਸਰੇ ਕਥਿਤ ਦੋਸ਼ੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਜਲਦ ਹੀ ਰਜਿਸਟਰੀ ਕਰਵਾਉਣ ਦਾ ਭਰੋਸਾ ਦਿੱਤਾ ਪਰ ਰਜਿਸਟਰੀ ਨਹੀਂ ਕਰਵਾਈ। ਇਸ ਉਪਰੰਤ ਸਾਡਾ ਪੰਚਾਇਤੀ ਫੈਸਲਾ ਵੀ ਹੋਇਆ ਪਰ ਉਹ ਉਸ ’ਤੇ ਵੀ ਖਰੇ ਨਹੀਂ ਉਤਰੇ ਅਤੇ ਮੈਨੂੰ ਸ਼ੇਅਰਾਂ ਰਾਹੀਂ ਪੈਸੇ ਦੇਣ ਦਾ ਭਰੋਸਾ ਵੀ ਦਿੱਤਾ। ਜਦੋਂ ਮੈਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਹ ਟਾਲ-ਮਟੋਲ ਕਰਨ ਲੱਗੇ।

ਇਸੇ ਤਰ੍ਹਾਂ ਦੋਸ਼ੀਆਂ ਨੇ ਮੇਰੇ ਨਾਲ ਕਥਿਤ ਮਿਲੀਭੁਗਤ ਕਰ ਕੇ 48 ਲੱਖ 32 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਇਹ ਵੀ ਪਤਾ ਲੱਗਾ ਕਿ ਕਥਿਤ ਦੋਸ਼ੀਆਂ ਵਿਚੋਂ ਕਈਆਂ ਖਿਲਾਫ਼ ਪਹਿਲਾਂ ਵੀ ਧੋਖਾਦੇਹੀ ਦੇ ਮਾਮਲੇ ਦਰਜ ਹਨ। ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਕਾਨੂੰਨੀ ਰਾਇ ਹਾਸਲ ਕਰਨ ਦੇ ਬਾਅਦ ਬ੍ਰਿਜ ਲਾਲ ਦੇ ਬਿਆਨਾਂ ’ਤੇ ਕਥਿਤ ਦੋਸ਼ੀਆਂ ਅਮਨਦੀਪ ਸਿੰਘ, ਰਿੰਕੂ, ਗੀਤਾ ਰਾਣੀ, ਰੌਸ਼ਨੀ ਰਾਣੀ, ਅਮਰਜੀਤ ਕੌਰ, ਰਾਮ ਕੁਮਾਰ ਸਾਰੇ ਨਿਵਾਸੀ ਵੈਰੋਕੇ ਰੋਡ ਰਾਜੇਆਣਾ ਅਤੇ ਪਰਵਿੰਦਰ ਕੁਮਾਰ (ਸੋਨਾ ਗੋਇਲ) ਨਿਵਾਸੀ ਮੋਗਾ ਰੋਡ ਬਾਘਾ ਪੁਰਾਣਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਸ਼ਾਹ ਵਰਿਆਮ ਕਰ ਰਹੇ ਹਨ, ਗ੍ਰਿਫਤਾਰੀ ਬਾਕੀ ਹੈ।

 


Gurminder Singh

Content Editor

Related News