ਪੰਜਾਬ ਦੇ ਸਿਰਫ ਚਾਰ ਸੰਸਦ ਮੈਂਬਰਾਂ ਨੇ ਭਰੀ ਬਜਟ ਸੈਸ਼ਨ ’ਚ 100 ਫੀਸਦੀ ਹਾਜ਼ਰੀ
Monday, Apr 10, 2023 - 05:25 PM (IST)
ਚੰਡੀਗੜ੍ਹ : 6 ਅਪ੍ਰੈਲ ਨੂੰ ਖ਼ਤਮ ਹੋਏ ਸੰਸਦ ਦੇ ਬਜਟ ਇਜਲਾਸ ਦੌਰਾਨ ਪੰਜਾਬ ਦੇ ਕੁੱਲ 19 ਮੌਜੂਦਾ ਸੰਸਦ ਮੈਂਬਰਾਂ ਵਿਚੋਂ ਸਿਰਫ਼ ਚਾਰ ਨੇ ਹੀ 100 ਫੀਸਦੀ ਹਾਜ਼ਰੀ ਭਰੀ। ਇਹ ਚਾਰੇ ਸੰਸਦ ਮੈਂਬਰ ਕਾਂਗਰਸ ਦੇ ਹਨ। ਪੰਜਾਬ ਵਿਚ ਰਾਜ ਸਭਾ ਦੇ 7 ਅਤੇ ਲੋਕ ਸਭਾ ਦੇ 13 ਸੰਸਦ ਮੈਂਬਰ ਹਨ ਜਦਕਿ ਦੋ ਵਾਰ ਸੰਸਦ ਮੈਂਬਰ ਰਹੇ ਸੰਤੋਖ ਸਿੰਘ ਚੌਧਰੀ (76) ਦੀ 14 ਜਨਵਰੀ ਨੂੰ ਮੌਤ ਹੋ ਜਾਣ ਕਾਰਨ ਜਲੰਧਰ ਸੰਸਦੀ ਸੀਟ ਖਾਲ੍ਹੀ ਹੋ ਗਈ ਸੀ। ਜਲੰਧਰ ਲੋਕ ਸਭਾ ਸੀਟ ’ਤੇ ਉਪ ਚੋਣ 10 ਮਈ ਨੂੰ ਹੋਣ ਜਾ ਰਹੀ ਹੈ। ਸੰਸਦ ਵਿਚ ਪੂਰੀ ਹਾਜ਼ਰੀ ਵਾਲੇ ਸਾਂਸਦਾਂ ਵਿਚ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਅਤੇ ਫਤਹਿਗੜ੍ਹ ਸਾਹਿਬ ਤੋਂ ਅਮਰ ਸਿੰਘ ਸ਼ਾਮਲ ਹਨ।
ਗੁਰਦਾਸਪੁਰ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਅਜੈ ਸਿੰਘ ਧਰਮਿੰਦਰ ਦਿਓਲ ਉਰਫ਼ ਸੰਨੀ ਦਿਓਲ ਦੀ ਹਾਜ਼ਰੀ ਉਨ੍ਹਾਂ ਦੀ ਜਿੱਤ ਤੋਂ ਬਾਅਦ ਵੀ ਨਿਰਾਸ਼ਾਜਨਕ ਰਹੀ। ਸੰਨੀ ਦਿਓਲ ਨੇ ਬਜਟ ਸੈਸ਼ਨ ਦੌਰਾਨ ਸਿਰਫ 9% ਹਾਜ਼ਰੀ ਯਕੀਨੀ ਬਣਾਈ ਜਦਕਿ ਮਈ 2019 ਤੋਂ ਉਨ੍ਹਾਂ ਦੀ ਸਮੁੱਚੀ ਹਾਜ਼ਰੀ ਸਿਰਫ 20% ਰਹੀ ਹੈ। ਇਹ ਜਾਣਕਾਰੀ ਰਾਜਸਭਾ ਦੀ ਵੈੱਬਸਾਈਟ ਤੋਂ ਲਈ ਗਈ ਹੈ। ਇਸ ਤੋਂ ਇਲਾਵਾ ਰਾਜ ਸਭਾ ਦੇ ਰਿਕਾਰਡ ਦਰਸਾਉਂਦੇ ਹਨ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਅਤੇ 'ਆਪ' ਸੰਸਦ ਮੈਂਬਰ ਹਰਭਜਨ ਸਿੰਘ 31 ਜਨਵਰੀ ਤੋਂ 13 ਫਰਵਰੀ ਤੱਕ ਬਜਟ ਸੈਸ਼ਨ ਦੇ ਪੂਰੇ ਪਹਿਲੇ ਪੜਾਅ ਦੌਰਾਨ ਛੁੱਟੀ ’ਤੇ ਰਹੇ। ਰਾਜ ਸਭਾ ਦੀ ਵੈੱਬਸਾਈਟ ’ਤੇ ਉਨ੍ਹਾਂ ਦੀ ਹਾਜ਼ਰੀ ਦਾ ਕੋਈ ਰਿਕਾਰਡ ਨਹੀਂ ਦਿਖਾਇਆ ਗਿਆ ਹੈ। 13 ਮਾਰਚ ਤੋਂ 6 ਅਪ੍ਰੈਲ ਤੱਕ ਬਜਟ ਸੈਸ਼ਨ ਦੇ ਦੂਜੇ ਪੜਾਅ ਲਈ 'ਆਪ' ਦੇ ਸਾਰੇ ਸੱਤ ਰਾਜ ਸਭਾ ਮੈਂਬਰਾਂ ਵਿਚੋਂ ਰਾਘਵ ਚੱਢਾ ਦੀ ਬਜਟ ਸੈਸ਼ਨ ਵਿਚ ਸਭ ਤੋਂ ਵੱਧ 87% ਹਾਜ਼ਰੀ ਰਹੀ ਹੈ।