ਹਕੀਕਤ ਤੋਂ ਦੂਰ ਹੁੰਦੀਆਂ ਹਨ ਪੰਜਾਬ ਸਰਕਾਰ ਦੀਆਂ ਬਜਟ ਵਿਵਸਥਾਵਾਂ

02/28/2020 3:44:13 PM

ਚੰਡੀਗੜ੍ਹ (ਸ਼ਰਮਾ) : ਪੰਜਾਬ ਵਿਧਾਨ ਸਭਾ 'ਚ ਵੀਰਵਾਰ ਨੂੰ ਰੱਖੀ ਗਈ ਸਾਲ 2017-18 ਦੀ ਕੈਗ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਹਰ ਸਾਲ ਪੇਸ਼ ਕੀਤੇ ਜਾਣ ਵਾਲੇ ਬਜਟ ਦੀਆਂ ਵਿਵਸਥਾਵਾਂ ਸੱਚਾਈ ਤੋਂ ਦੂਰ ਅਤੇ ਗੈਰ-ਹਕੀਕੀ ਹੁੰਦੀਆਂ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬੇਸ਼ੱਕ ਇਹ ਅੰਕੜੇ ਅਨੁਮਾਨਿਤ ਹੁੰਦੇ ਹਨ ਪਰ ਫਿਰ ਵੀ ਇਹ ਅੰਕੜੇ ਅਸਲੀਅਤ ਦੇ ਨਜ਼ਦੀਕ ਹੋਣੇ ਚਾਹੀਦੇ ਹਨ ਪਰ ਪੰਜਾਬ ਸਰਕਾਰ ਵੱਲੋਂ ਸਾਲਾਂ ਤੋਂ ਪੇਸ਼ ਕੀਤੇ ਜਾ ਰਹੇ ਬਜਟ ਦੀਆਂ ਵਿਵਸਥਾਵਾਂ ਵਾਂਗ ਨਾ ਤਾਂ ਮਾਲੀਆ ਪ੍ਰਾਪਤੀਆਂ ਹੋ ਰਹੀਆਂ ਹਨ ਅਤੇ ਨਾ ਹੀ ਉਨ੍ਹਾਂ ਅਨੁਸਾਰ ਖਰਚ ਹੋ ਰਿਹਾ ਹੈ। ਇਥੋਂ ਤੱਕ ਕਿ ਬਜਟ ਵਿਵਸਥਾਵਾਂ 'ਚ ਸੋਧ ਕਰਨ ਤੋਂ ਬਾਅਦ ਵੀ ਅਸਲੀ ਅੰਕੜੇ ਹਕੀਕਤ ਤੋਂ ਦੂਰ ਹੁੰਦੇ ਹਨ।

ਰਿਪੋਰਟ ਅਨੁਸਾਰ ਕੈਪਟਨ ਸਰਕਾਰ ਦਾ ਸਾਲ 2017-18 ਦਾ ਬਜਟ 1,18,237.90 ਕਰੋੜ ਦਾ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਨੂੰ 1,12,797.92 ਕਰੋੜ ਦੇ ਰੂਪ 'ਚ ਸੋਧਿਆ ਗਿਆ, ਜਦੋਂ ਕਿ ਅਸਲੀ ਖਰਚ 1,00,546.55 ਕਰੋੜ ਹੀ ਹੋਇਆ। ਇਸੇ ਤਰ੍ਹਾਂ ਅਸਲੀ ਬਜਟ 'ਚ ਅਨੁਮਾਨਿਤ ਮਾਲੀਆ ਪ੍ਰਾਪਤੀਆਂ ਦੀ ਵਿਵਸਥਾ 1,05,514.84 ਕਰੋੜ ਦੇ ਰੂਪ 'ਚ ਕੀਤੀ ਗਈ ਸੀ, ਜਿਸ ਨੂੰ ਸੋਧ ਕੇ 1,02,679.77 ਰੁਪਏ ਕਰ ਦਿੱਤਾ ਗਿਆ ਸੀ ਪਰ ਅਸਲੀ ਪ੍ਰਾਪਤੀਆਂ 99,082.19 ਕਰੋੜ ਦੇ ਰੂਪ 'ਚ ਹੋਈਆਂ।

ਟੈਕਸ ਰੈਵੀਨਿਊ ਦੀ ਸੋਧੀ ਅਨੁਮਾਨਿਤ ਰਾਸ਼ੀ 46,107.34 ਕਰੋੜ ਸੀ ਪਰ ਅਸਲੀਅਤ 'ਚ ਪ੍ਰਾਪਤੀਆਂ 30,423.25 ਕਰੋੜ ਦੇ ਰੂਪ 'ਚ ਹੋਈਆਂ। ਇਸੇ ਤਰ੍ਹਾਂ ਨਾਨ-ਟੈਕਸ ਰੈਵੀਨਿਊ ਦਾ ਅੰਕੜਾ ਸੋਧੀਆਂ ਹੋਈਆਂ ਵਿਵਸਥਾਵਾਂ 'ਚ 5,096.18 ਕਰੋੜ ਦੇ ਰੂਪ 'ਚ ਤੈਅ ਕੀਤਾ ਗਿਆ ਸੀ, ਜਦੋਂ ਕਿ ਅਸਲ ਪ੍ਰਾਪਤੀਆਂ 4,318.39 ਕਰੋੜ ਦੇ ਰੂਪ 'ਚ ਹੋਈਆਂ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਸਰਕਾਰ ਨੇ 3199.43 ਕਰੋੜ ਰੁਪਏ ਬਿਨਾਂ ਬਜਟ ਵਿਵਸਥਾਵਾਂ ਦੇ ਹੀ ਖਰਚ ਕਰ ਦਿੱਤੇ। 59 ਮਾਮਲਿਆਂ 'ਚ ਬਜਟ ਵਿਵਸਥਾਵਾਂ ਨੂੰ ਰੀ-ਐਪ੍ਰੋਪ੍ਰੀਏਟ ਕਰਨਾ ਬੇਲੋੜਾ ਸੀ ਕਿਉਂਕਿ ਖਰਚ ਅਸਲੀ ਬਜਟ ਵਿਵਸਥਾਵਾਂ ਤੱਕ ਵੀ ਨਹੀਂ ਕੀਤਾ ਗਿਆ। ਸੰਭਾਵਿਤ 14,989.85 ਕਰੋੜ ਦੀ ਬੱਚਤ ਨੂੰ ਸਰੰਡਰ ਨਾ ਕਰ ਕੇ ਇਸ ਰਾਸ਼ੀ ਦੀ ਵਰਤੋਂ ਕਿਸੇ ਹੋਰ ਵਿਕਾਸੀ ਯੋਜਨਾ 'ਤੇ ਨਹੀਂ ਕੀਤੀ ਜਾ ਸਕੀ। ਇਹੀ ਨਹੀਂ, ਬਜਟ ਵਿਵਸਥਾਵਾਂ ਦਾ 44 ਤੋਂ ਲੈ ਕੇ 99 ਫ਼ੀਸਦੀ ਤੱਕ ਦਾ ਖਰਚ ਵਿੱਤੀ ਸਾਲ ਦੇ ਆਖਰੀ ਮਹੀਨੇ ਭਾਵ ਮਾਰਚ 2018 'ਚ ਕੀਤਾ ਗਿਆ।


Anuradha

Content Editor

Related News