ਬਸਪਾ ਆਗੂ ਵਲੋਂ ਕੈਪਟਨ ਦੀ ਪੱਗ ''ਤੇ ਦਿੱਤੇ ਬਿਆਨ ਦਾ ਕਾਂਗੜ ਵਲੋਂ ਠੋਕਵਾਂ ਜਵਾਬ

Friday, Aug 16, 2019 - 12:32 PM (IST)

ਬਸਪਾ ਆਗੂ ਵਲੋਂ ਕੈਪਟਨ ਦੀ ਪੱਗ ''ਤੇ ਦਿੱਤੇ ਬਿਆਨ ਦਾ ਕਾਂਗੜ ਵਲੋਂ ਠੋਕਵਾਂ ਜਵਾਬ

ਸੰਗਰੂਰ (ਬੇਦੀ) : ਬੀਤੇ ਦਿਨੀਂ ਸ਼ੇਰਪੁਰ ਵਿਖੇ ਇਕ ਧਰਨੇ ਦੌਰਾਨ ਬਸਪਾ ਆਗੂ ਡਾ. ਮੱਖਣ ਸਿੰਘ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੱਗ ਲਾਹੁਣ ਦੇ ਦਿੱਤੇ ਵਿਵਾਦਕ ਬਿਆਨ ਤੋਂ ਭੜਕੇ ਕਾਂਗਰਸ ਦੇ ਸੀਨੀਅਰ ਦਲਿਤ ਆਗੂ ਦਰਸ਼ਨ ਸਿੰਘ ਕਾਂਗੜਾ ਨੇ ਬਸਪਾ ਆਗੂ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਕਾਂਗੜਾ ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬਸਪਾ ਆਗੂ ਆਪਣੀ ਔਕਾਤ ਵਿਚ ਰਹਿ ਕਿ ਗੱਲ ਕਰਨ ਕੈਪਟਨ ਸਾਹਿਬ ਵਿਰੁੱਧ ਅਜਿਹੀ ਬਿਆਨਬਾਜ਼ੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹਮੇਸ਼ਾ ਦਲਿਤ ਹਿਤੈਸ਼ੀ ਰਹੀ ਹੈ, ਜਿਨ੍ਹਾਂ ਜਿੱਥੇ ਪਹਿਲਾਂ ਮੋਦੀ ਸਰਕਾਰ ਵੱਲੋਂ ਐੱਸ. ਸੀ. ਐੱਸ. ਟੀ ਐਕਟ ਨਾਲ ਕੀਤੀ ਛੇੜਛਾੜ ਸਮੇਂ ਇਸ ਦਾ ਡੱਟ ਕੇ ਵਿਰੋਧ ਕੀਤਾ, ਉਥੇ ਹੀ ਹੁਣ ਮੋਦੀ ਸਰਕਾਰ ਵੱਲੋਂ ਦਿੱਲੀ ਦੇ ਤੁਗਲਕਾਬਾਦ ਵਿਖੇ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ ਮੰਦਿਰ ਤੋੜਨ ਤੇ ਖੁੱਲ੍ਹ ਕੇ ਇਸ ਦਾ ਵਿਰੋਧ ਕੀਤਾ ਅਤੇ ਦਲਿਤਾਂ ਦੇ ਸੰਘਰਸ਼ ਦਾ ਸਮਰਥਨ ਕੀਤਾ ਹੈ। 

ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਆਪਣੀ ਹੋਂਦ ਗਵਾ ਚੁੱਕੀ ਬਸਪਾ ਆਪਣੇ ਵਰਕਰਾਂ ਤੋਂ ਅਜਿਹੇ ਪੁੱਠੇ ਸਿੱਧੇ ਤੇ ਵਿਵਾਦਕ ਬਿਆਨ ਦਵਾ ਕਿ ਸੁਰਖੀਆਂ ਬਟੋਰਨਾ ਚਾਹੁੰਦੀ ਹੈ। ਕਾਂਗੜਾ ਨੇ ਇਸੇ ਬਸਪਾ ਆਗੂ ਵੱਲੋਂ ਸੰਗਰੂਰ ਵਿਖੇ ਧਰਨੇ ਦੌਰਾਨ ਦਲਿਤਾਂ ਨੂੰ ਮੀਟ ਖਾਣ ਤੇ ਸ਼ਰਾਬਾਂ ਪੀਣ ਦੇ ਦਿੱਤੇ ਬਿਆਨ ਦੀ ਵੀ ਨਿਖੇਧੀ ਕੀਤੀ, ਉਨ੍ਹਾਂ ਕਿਹਾ ਕਿ ਬਸਪਾ ਆਗੂ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਪਾਗਲ ਹਸਪਤਾਲ ਵਿਚ ਭਰਤੀ ਹੋ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ, ਅਜਿਹੇ ਆਗੂ ਦਲਿਤ ਸਮਾਜ ਤੇ ਕਲੰਕ ਹਨ। ਦਰਸ਼ਨ ਕਾਂਗੜਾ ਨੇ ਡਾ. ਮੱਖਣ ਤੇ ਇਹ ਵੀ ਦੋਸ਼ ਲਗਾਇਆ ਕਿ ਇਨ੍ਹਾਂ ਪਹਿਲਾਂ ਆਹੁਦੇ ਤੇ ਰਹਿੰਦਿਆਂ ਕਦੇ ਦਲਿਤਾਂ ਦੀ ਸਾਰ ਨਹੀਂ ਲਈ ਹੁਣ ਸਿਆਸੀ ਲਾਹਾ ਲੈਣ ਲਈ ਦਲਿਤ ਹਿਤੈਸ਼ੀ ਹੋਣ ਦਾ ਢੌਂਗ ਰਚ ਰਹੇ ਹਨ। ਇਸ ਮੌਕੇ ਲਖਮੀਰ ਸਿੰਘ, ਜਰਨੈਲ ਸਿੰਘ, ਗੁਰਮੀਤ ਸਿੰਘ, ਰਾਣਾ ਬਾਲੂ, ਜਗਸੀਰ ਸਿੰਘ, ਹੈਪੀ ਹੀਰਾ ਅਤੇ ਵਿਜੈ ਕੁਮਾਰ ਪਹਿਲਵਾਨ ਆਦਿ ਹਾਜ਼ਰ ਸਨ।


author

Gurminder Singh

Content Editor

Related News