BSF ਵਲੋਂ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
Thursday, Jan 09, 2020 - 08:20 PM (IST)
ਵਲਟੋਹਾ/ਤਰਨਤਾਰਨ, (ਗੁਰਮੀਤ ਸਿੰਘ, ਬਲਵਿੰਦਰ ਕੌਰ)— ਭਾਰਤ ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 14 ਬਟਾਲੀਅਨ ਨੇ ਸਰਹੱਦ ਤੋਂ ਇਕ ਪੈਕੇਟ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਹੈਰੋਇਨ ਦੀ ਅੰਤਰ ਰਾਸ਼ਟਰੀ ਬਜ਼ਾਰ 'ਚ ਕੀਮਤ 5 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ। ਇਸ ਸਬੰਧੀ ਬੀ.ਐੱਸ.ਐੱਫ. ਦੇ 14 ਬਟਾਲੀਅਨ ਖੇਮਕਰਨ ਦੇ ਕੰਪਨੀ ਕਮਾਂਡਰ ਲਲਿਤ ਕੁਮਾਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਆਦੇਸ਼ਾਂ 'ਤੇ ਸਰਹੱਦ ਉਪਰ ਪੂਰੀ ਤਰ੍ਹਾਂ ਚੌਕਸੀ ਰੱਖੀ ਜਾ ਰਹੀ ਹੈ। ਵੀਰਵਾਰ ਦੁਪਹਿਰ 12.10 ਵਜੇ ਜਦ ਬੀ.ਐੱਸ.ਐੱਫ. ਦੇ ਜਵਾਨ ਸਰਹੱਦ 'ਤੇ ਗਸ਼ਤ ਕਰ ਰਹੇ ਸਨ ਤਾਂ ਬੀ.ਓ.ਪੀ. ਹਰਭਜਨ ਬਾਰਡਰ ਪਿੱਲਰ ਨੰਬਰ 153/06 ਦੇ ਕੋਲੋਂ ਇਕ ਪੈਕੇਟ ਹੈਰੋਇਨ ਬਰਾਮਦ ਹੋਈ। ਕਮਾਂਡਰ ਲਲਿਤ ਕੁਮਾਰ ਨੇ ਦੱਸਿਆ ਕਿ ਬਰਾਮਦ ਕੀਤੀ ਹੈਰੋਇਨ ਨੂੰ ਕਬਜ਼ੇ 'ਚ ਲੈ ਕੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪਾਕਿਸਤਾਨ 'ਚ ਬੈਠੇ ਸਮਗਲਰਾਂ ਵਲੋਂ ਭਾਰਤ ਅੰਦਰ ਨਸ਼ੀਲੇ ਪਦਾਰਥ ਭੇਜਣ ਦੀਆਂ ਕੋਸ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।