ਗੁਰੂ ਘਰ ’ਚ ਵੜ੍ਹ ਨੌਜਵਾਨ ਨੇ ਕਰ''ਤਾ ਕਾਂਡ, ਗ੍ਰੰਥੀ ਨੇ ਕੀਤਾ ਵੱਡਾ ਖ਼ੁਲਾਸਾ (ਵੀਡੀਓ)

Thursday, Apr 03, 2025 - 01:19 AM (IST)

ਗੁਰੂ ਘਰ ’ਚ ਵੜ੍ਹ ਨੌਜਵਾਨ ਨੇ ਕਰ''ਤਾ ਕਾਂਡ, ਗ੍ਰੰਥੀ ਨੇ ਕੀਤਾ ਵੱਡਾ ਖ਼ੁਲਾਸਾ (ਵੀਡੀਓ)

ਸਹਿਣਾ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਜ਼ਿਲਾ ਬਰਨਾਲਾ ਦੇ ਪਿੰਡ ਜੰਡਸਰ ਵਿਖੇ ਗੁਰੂ ਘਰ ਦੇ ਗ੍ਰੰਥੀ ਬਲਵਿੰਦਰ ਸਿੰਘ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਦਿਲ ਦਹਿਲਾਉਣ ਵਾਲੀ ਘਟਨਾ ਗੁਰਦੁਆਰੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਸੋਸ਼ਲ ਮੀਡੀਆ ’ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ 65 ਸਾਲਾ ਗ੍ਰੰਥੀ ਬਲਵਿੰਦਰ ਸਿੰਘ ਪੁੱਤਰ ਮੱਘਰ ਸਿੰਘ ਨਿਵਾਸੀ ਜਾਨੀ ਪੱਤੀ (ਮੋੜ-ਨਾਭਾ) ਪਿਛਲੇ 7 ਮਹੀਨਿਆਂ ਤੋਂ ਜੰਡਸਰ ਗੁਰਦੁਆਰੇ ’ਚ ਗ੍ਰੰਥੀ ਦੀ ਸੇਵਾ ਨਿਭਾ ਰਹੇ ਹਨ। ਉਹ ਪਿਛਲੇ 50 ਸਾਲਾਂ ਤੋਂ ਗੁਰੂ ਮਰਿਆਦਾ ਅਨੁਸਾਰ ਪਾਠ ਕਰਦੇ ਆ ਰਹੇ ਹਨ ਅਤੇ 2017 ’ਚ ਸਿੱਖਿਆ ਵਿਭਾਗ ’ਚੋਂ ਕਲਰਕ ਦੀ ਨੌਕਰੀ ਤੋਂ ਰਿਟਾਇਰ ਹੋਏ ਸਨ।

ਪੀੜਤ ਦੇ ਦੱਸਣ ਮੁਤਾਬਕ, ਪਿਛਲੀ ਸ਼ਾਮ ਉਹ ਗੁਰਦੁਆਰੇ ’ਚੋਂ ਪਾਠ ਕਰ ਕੇ ਵਿਹੜੇ ’ਚ ਆ ਬੈਠੇ ਸਨ, ਜਦ ਇਕ ਨੰਗੇ ਸਿਰ ਨੌਜਵਾਨ ਆਇਆ ਅਤੇ ਉਨ੍ਹਾਂ ਨੂੰ ਗਾਲਾਂ ਕੱਢਣ ਲੱਗ ਪਿਆ। ਹਮਲਾਵਰ ਨੇ ਉਨ੍ਹਾਂ ’ਤੇ ਤਸ਼ੱਦਦ ਕੀਤਾ, ਪੱਗ ਵੀ ਲਾਹ ਦਿੱਤੀ ਅਤੇ ਸਿਰ ਦੇ ਕੇਸ ਵੀ ਪੁੱਟ ਦਿੱਤੇ। ਨੇੜੇ ਖੜ੍ਹੇ ਲੋਕਾਂ ਨੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰ ਨੇ ਬੇਰਹਿਮੀ ਨਾਲ ਕੁੱਟਮਾਰ ਜਾਰੀ ਰੱਖੀ।

ਪੀੜਤ ਗ੍ਰੰਥੀ ਨੇ ਦੋਸ਼ ਲਾਇਆ ਕਿ ਪਿੰਡ ਜੰਡਸਰ ਦੇ ਹੀ ਇਕ ਵਿਅਕਤੀ ਵੱਲੋਂ ਉਨ੍ਹਾਂ ’ਤੇ ਹਮਲਾ ਕਰਵਾਇਆ ਗਿਆ। ਉਨ੍ਹਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਕਥਿਤ ਮੁਲਜ਼ਮ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਗ੍ਰੰਥੀ ਦੇ ਹੱਕ ’ਚ ਮੋੜ-ਨਾਭਾ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਆ ਗਈਆਂ ਹਨ।

ਇਨਸਾਫ ਨਾ ਮਿਲਣ ਦੀ ਸੂਰਤ ’ਚ ਪਿੰਡ ਵਾਸੀਆਂ ਵੱਲੋਂ ਸੰਘਰਸ਼ ਦੀ ਚਿਤਾਵਨੀ
ਇਸ ਮਾਮਲੇ ਸਬੰਧੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਤਰਨਾ ਦਲ ਦੇ ਮੁਖੀ ਬਾਬਾ ਰਾਜਾ ਰਾਮ ਸਿੰਘ ਨੂੰ ਵੀ ਲਿਖਤੀ ਰੂਪ ’ਚ ਇਨਸਾਫ ਦੀ ਮੰਗ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਇਨਸਾਫ ਨਾ ਮਿਲਣ ਦੀ ਸੂਰਤ ’ਚ ਵੱਡੇ ਪੱਧਰ ’ਤੇ ਸੰਘਰਸ਼ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।

ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦਾ ਸਾਥ
ਇਸ ਘਟਨਾ ’ਤੇ ਸਰਪੰਚ ਮਲਕੀਤ ਸਿੰਘ (ਮੋੜ-ਨਾਭਾ), ਸਰਪੰਚ ਬਲਜੀਤ ਸਿੰਘ (ਗਿੱਲ ਪੱਤੀ), ਜਥੇਦਾਰ ਮੰਦਰ ਸਿੰਘ, ਬਾਬਾ ਹਰਜਿੰਦਰ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਭੁੱਲਰ ਸਮੇਤ ਕਈ ਹੋਰ ਧਾਰਮਿਕ ਅਤੇ ਸਮਾਜਿਕ ਆਗੂ ਪੀੜਤ ਦੇ ਹੱਕ ’ਚ ਆਏ ਹਨ।

ਸੀ.ਸੀ.ਟੀ.ਵੀ. ਫੁਟੇਜ਼ ਵਾਇਰਲ
ਗੁਰੂ ਘਰ ’ਚ ਹੋਈ ਇਸ ਹਿੰਸਕ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ਼ ਵਾਇਰਲ ਹੋਣ ਕਾਰਨ ਲੋਕਾਂ ’ਚ ਰੋਸ ਵਧ ਰਿਹਾ ਹੈ। ਹਰ ਪਾਸੇ ਇਸ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਇਨਸਾਫ ਦੀ ਮੰਗ ਜ਼ੋਰਾਂ ’ਤੇ ਹੈ।

ਘਟਨਾ ਦੀ ਜਾਂਚ ਜਾਰੀ ਹੈ : ਐੱਸ. ਐੱਚ. ਓ.
ਐੱਸ. ਐੱਚ. ਓ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਂਚ ਜਾਰੀ ਹੈ। ਪੀੜਤ ਦੇ ਬਿਆਨਾਂ ’ਤੇ ਆਧਾਰਿਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪੈਸਿਆਂ ਦੀ ਲੈਣ-ਦੇਣ ਦੀ ਗੱਲ ਵੀ ਆ ਰਹੀ ਹੈ, ਜਿਸ ’ਤੇ ਵੀ ਜਾਂਚ ਹੋ ਰਹੀ ਹੈ। ਦੂਜੀ ਧਿਰ ਨੇ ਮੀਡੀਆ ਸਾਹਮਣੇ ਕੋਈ ਵੀ ਬਿਆਨ ਨਹੀਂ ਦਿੱਤਾ।
 


author

Inder Prajapati

Content Editor

Related News