ਸਾਲ਼ੀ ਦੇ ਕਤਲ ਮਾਮਲੇ ''ਚ ਗ੍ਰਿਫ਼ਤਾਰ ਜੀਜਾ ਅਦਾਲਤ ਨੇ ਕੀਤਾ ਬਰੀ
Wednesday, Jul 24, 2024 - 11:22 AM (IST)

ਮੋਗਾ (ਸੰਦੀਪ ਸ਼ਰਮਾ) : ਮਾਣਯੋਗ ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਸਾਲੀ ਦੇ ਕਤਲ ਮਾਮਲੇ ਵਿਚ ਥਾਣਾ ਨਿਹਾਲ ਸਿੰਘ ਵਾਲਾ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਜੀਜੇ ਨੂੰ ਸਬੂਤਾਂ ਅਤੇ ਗਵਾਹਾਂ ਦੀ ਘਾਟ ਦੇ ਚੱਲਦੇ ਬਰੀ ਕਰਨ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਵਿਚ ਦੋਸ਼ੀ ਧਿਰ ਵੱਲੋਂ ਸੀਨੀਅਰ ਵਕੀਲ ਰਪਿੰਦਰ ਸਿੰਘ ਬਰਾੜ ਦੇ ਰਾਹੀਂ ਮਾਣਯੋਗ ਅਦਾਲਤ ਵਿਚ ਆਪਣਾ ਪੱਖ ਰੱਖਿਆ ਸੀ। ਇਸ ਮਾਮਲੇ ਵਿਚ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹਾ ਦੇ ਪਿੰਡ ਭੈਣੀ ਫੱਤਾ ਨਿਵਾਸੀ ਸ਼ਿਕਾਇਤ ਕਰਤਾ ਭੋਲਾ ਸਿੰਘ ਨੇ ਥਾਣਾ ਨਿਹਾਲ ਸਿੰਘ ਵਾਲਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਵੱਡੀ ਬੇਟੀ ਅਮਨਦੀਪ ਕੌਰ ਦਾ ਵਿਆਹ 2014 ਵਿਚ ਜ਼ਿਲ੍ਹਾ ਮੋਗਾ ਦੇ ਪਿੰਡ ਹਿੰਮਤਪੁਰਾ ਨਿਵਾਸੀ ਹਰਦੀਪ ਸਿੰਘ ਨਾਲ ਹੋਇਆ ਸੀ।
ਹਰਦੀਪ ਸਿੰਘ ਕਸਬਾ ਨਿਹਾਲ ਸਿੰਘ ਵਾਲਾ ਵਿਚ ਬਤੌਰ ਸਕਿਓਰਿਟੀ ਗਾਰਡ ਨੌਕਰੀ ਕਰਦਾ ਸੀ। ਕੁਝ ਸਮੇਂ ਬਾਅਦ ਹੀ ਕਿਸੇ ਵਜ੍ਹਾ ਨਾਲ ਉਸ ਨੇ ਨੌਕਰੀ ਛੱਡ ਦਿੱਤੀ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਦੀ ਛੋਟੀ ਬੇਟੀ ਸ਼ਰਨਜੀਤ ਵੱਲੋਂ ਜਿਸ ਦੀ ਉਮਰ 26 ਸਾਲ ਸੀ ਉਹ ਕੁਆਰੀ ਸੀ। ਉਹ ਕੁਝ ਦਿਨਾਂ ਲਈ ਆਪਣੀ ਭੈਣ ਅਤੇ ਜੀਜੇ ਦੇ ਕੋਲ ਅਕਸਰ ਰਹਿਣ ਚਲੀ ਜਾਂਦੀ ਸੀ। ਇਸ ਦੌਰਾਨ ਉਸਦੇ ਜਵਾਈ ਅਤੇ ਵੱਡੀ ਬੇਟੀ ਦੇ ਪਤੀ ਹਰਦੀਪ ਸਿੰਘ ਅਤੇ ਉਨ੍ਹਾਂ ਦੀ ਛੋਟੀ ਬੇਟੀ ਦੇ ਨਾਜਾਇਜ਼ ਸਬੰਧ ਬਣ ਗਏ। ਹਰਦੀਪ ਸਿੰਘ ਉਨ੍ਹਾਂ ਦੀ ਵੱਡੀ ਬੇਟੀ ਅਮਨਦੀਪ ਕੌਰ ਨੂੰ ਤਲਾਕ ਦੇ ਕੇ ਛੋਟੀ ਬੇਟੀ ਆਪਣੀ ਸਾਲੀ ਸ਼ਰਨਜੀਤ ਕੌਰ ਨਾਲ ਵਿਆਹ ਕਰਨਾ ਚਾਹੁੰਦਾ ਸੀ। ਸ਼ਰਨਜੀਤ ਕੌਰ ਦੀ ਮੌਤ ਦੇ ਬਾਅਦ ਹਰਦੀਪ ਸਿੰਘ ਨੇ 4 ਫਰਵਰੀ 2024 ਨੂੰ ਮੁਬਈ ਏਅਰਪੋਰਟ ਵਿਚ ਪਤਨੀ ਨੂੰ ਇਕ ਫੋਟੋ ਵਟਸਅਪ ਕਰ ਕੇ ਲਿਖਿਆ ਸੀ ਕਿ ਉਹ ਵਿਦੇਸ਼ ਜਾ ਰਿਹਾ ਹੈ। ਉਸ ਨੂੰ ਕਿਸੇ ਤਰ੍ਹਾਂ ਵਾਪਸ ਬੁਲਾਇਆ ਗਿਆ ਅਤੇ ਬਾਅਦ ਵਿਚ ਸਾਰਾ ਸੱਚ 8 ਮਾਰਚ 2024 ਨੂੰ ਸਾਹਮਣੇ ਆਉਣ ਦੇ ਬਾਅਦ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਪੁਲਸ ਨੇ ਹਰਦੀਪ ਸਿੰਘ ਖ਼ਿਲਾਫ਼ ਹੱਤਿਆ ਅਤੇ ਸਬੂਤਾਂ ਨੂੰ ਮਿਟਾਉਣ ਦੇ ਦੋਸ਼ਾਂ ਵਿਚ ਬਣਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਹਰਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।
ਦੋਸ਼ੀ ਨੇ ਸਹੁਰਿਆਂ ਦੇ ਸਾਹਮਣੇ ਮੰਨਿਆ ਸੀ ਕਿ ਉਸ ਨੇ ਹੀ ਕਤਲ ਕੀਤਾ ਹੈ
ਸ਼ਿਕਾਇਤ ਕਰਤਾ ਭੋਲਾ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਨਾਲ ਨਾਜਾਇਜ਼ ਸੰਬਧ ਹੋਣ ਦੇ ਚੱਲਦੇ ਸ਼ਰਨਜੀਤ ਕੌਰ ਗਰਭਵਤੀ ਹੋ ਗਈ ਸੀ। 1 ਫਰਵਰੀ 2024 ਨੂੰ ਉਹ ਸਹੁਰੇ ਘਰ ਗਿਆ ਅਤੇ ਸ਼ਰਨਜੀਤ ਕੌਰ ਨਾਲ ਵਿਆਹ ਕਰਨ ਦੀ ਗੱਲ ਕਹਿਣ ਲੱਗਾ ਪਰ ਸ਼ਰਨਜੀਤ ਕੌਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਉਪਰੰਤ ਉਸ ਰਾਤ ਆਪਣੇ ਸਹੁਰੇ ਵਿਖੇ ਹੀ ਰੁਕ ਗਿਆ ਸੀ ਅਤੇ 2 ਫਰਵਰੀ ਨੂੰ ਸ਼ਰਨਜੀਤ ਕੌਰ ਨੂੰ ਹਰਿਮੰਦਰ ਸਾਹਿਬ ਲੈ ਗਿਆ। ਉਹ ਦੋਵੇਂ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਆ ਰਹੇ ਸਨ ਤਾਂ ਰਸਤੇ ਵਿਚ ਵਿਆਹ ਦੀ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਬਹਿਸਬਾਜ਼ੀ ਹੋ ਗਈ। ਇਸ ’ਤੇ ਗੁੱਸੇ ਵਿਚ ਆ ਕੇ ਉਸ ਨੇ ਕੱਪੜੇ ਨਾਲ ਗਲ ਘੁੱਟ ਕੇ ਸ਼ਰਨਜੀਤ ਕੌਰ ਦੀ ਹੱਤਿਆ ਕਰਨ ਦੇ ਬਾਅਦ ਉਸ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਗੱਲ ਸਹੁਰੇ ਪਰਿਵਾਰ ਨੂੰ ਦੱਸ ਦਿੱਤੀ ਅਤੇ ਸਾਲੀ ਦੀ ਲਾਸ਼ ਨੂੰ ਲੈ ਕੇ ਸਹੁਰੇ ਘਰ ਪਹੁੰਚ ਗਿਆ ਪਰ ਇਸ ਉਪਰੰਤ ਉਸ ਦੇ ਦਿਮਾਗ ’ਤੇ ਬੋਝ ਹੋਣ ਦੇ ਚੱਲਦੇ ਉਹ 8 ਮਾਰਚ ਨੂੰ ਆਪਣੇ ਸਹੁਰੇ ਘਰ ਪਹੁੰਚਿਆ ਅਤੇ ਸਾਰਾ ਸੱਚ ਸਹੁਰੇ ਪਰਿਵਾਰ ਵਾਲਿਆਂ ਨੂੰ ਦੱਸ ਦਿੱਤਾ। ਉਸ ਨੇ ਇਹ ਵੀ ਕਿਹਾ ਸੀ ਕਿ ਇਸ ਗੱਲ ਨੂੰ ਇਥੇ ਹੀ ਖਤਮ ਕਰ ਦਿੱਤਾ ਜਾਵੇ, ਕਿਉਂਕਿ ਵੱਡੀ ਲੜਕੀ ਅਮਨਦੀਪ ਕੌਰ ਉਸ ਦੇ ਬੱਚੇ ਵੀ ਅਨਾਥ ਹੋ ਜਾਣਗੇ।
ਪੁਲਸ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨਾਂ ’ਤੇ ਉਨ੍ਹਾਂ ਦੇ ਜਵਾਈ ਹਰਦੀਪ ਸਿੰਘ ਦੇ ਖ਼ਿਲਾਫ਼ ਹੱਤਿਆ ਅਤੇ ਸਬੂਤਾਂ ਨੂੰ ਮਿਟਾਉਣ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ। ਮਾਣਯੋਗ ਅਦਾਲਤ ਨੇ ਕੇਸ ਦੀ ਸੁਣਵਾਈ ਦੇ ਦੌਰਾਨ ਅਦਾਲਤ ਵਿਚ ਦੋਸ਼ੀ ਧਿਰ ਦੇ ਵਕੀਲ ਐਡਵੋਕੇਟ ਰੁਪਿੰਦਰ ਸਿੰਘ ਬਰਾੜ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਆਪਣਾ ਫੈਸਲਾ ਸਣਾਉਂਦੇ ਹੋਏ ਹਰਦੀਪ ਸਿੰਘ ਨੂੰ ਬਰੀ ਕਰ ਦਿੱਤਾ ਹੈ।