ਭਰਾ ਦੀ ਮੌਤ ਤੋਂ ਦੁਖੀ 3 ਬੱਚਿਆਂ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ
Friday, Jun 11, 2021 - 05:13 PM (IST)
ਮੋਗਾ (ਅਜ਼ਾਦ) : ਅੱਠ ਮਹੀਨੇ ਪਹਿਲਾਂ ਹੋਈ ਭਰਾ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ ਮੋਗਾ ਨਿਵਾਸੀ ਤਿੰਨ ਬੱਚਿਆਂ ਦੀ ਮਾਂ ਨੇ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਕੀਰਤੀ (29) ਨਿਵਾਸੀ ਨਾਨਕ ਨਗਰੀ ਮੋਗਾ ਦਾ ਪਤੀ ਰਾਜੇਸ਼ ਕੁਮਾਰ ਵਿਦੇਸ਼ ਗਿਆ ਹੋਇਆ ਹੈ ਅਤੇ ਉਹ ਆਪਣੇ 3 ਬੱਚਿਆਂ ਨਾਲ ਆਪਣੇ ਪੇਕੇ ਘਰ ਪੱਤੀ ਮੁਹੱਬਤ ਵਿਖੇ ਰਹਿ ਰਹੀ ਸੀ।
ਉਸਦੇ ਭਰ ਦੀ ਅੱਠ ਮਹੀਨੇ ਪਹਿਲਾਂ ਮੌਤ ਹੋ ਗਈ ਸੀ ਜਿਸ ਕਾਰਣ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਈ, ਇਸੇ ਪ੍ਰੇਸ਼ਾਨੀ ਦੇ ਕਾਰਣ ਉਸਨੇ ਬੀਤੇ ਦਿਨੀਂ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਉਸਦੀ ਹਾਲਤ ਵਿਗੜ ਗਈ। ਪਤਾ ਲੱਗਣ ’ਤੇ ਉਸਦੇ ਪਿਤਾ ਯੋਗੇਸ਼ ਕੁਮਾਰ ਨੇ ਉਸ ਨੂੰ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਉਸਨੇ ਦਮ ਤੋੜ ਦਿੱਤਾ। ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਯੋਗੇਸ਼ ਕੁਮਾਰ ਦੇ ਬਿਆਨਾਂ ’ਤੇ ਅ/ਧ 174 ਦੀ ਕਾਰਵਾਈ ਕਰਨ ਦੇ ਬਾਅਦ ਲਾਸ਼ ਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ।