ਜੰਮੂ ਤੋਂ ਦਿੱਲੀ ਜਾ ਰਹੀ ਟਰੇਨ ਦੀ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਟੁੱਟੀ ਹੁੱਕ, ਟਲਿਆ ਵੱਡਾ ਹਾਦਸਾ
Tuesday, Nov 09, 2021 - 02:11 AM (IST)
ਜਲੰਧਰ(ਮਹੇਸ਼, ਗੁਲਸ਼ਨ)– ਜੰਮੂ ਤੋਂ ਦਿੱਲੀ ਜਾ ਰਹੀ ਵਿਸ਼ੇਸ਼ ਟਰੇਨ ਦਿੱਲੀ ਸਰਾਏ ਰੋਹਿੱਲਾ-ਜੰਮੂਤਵੀ (02266 ਡਾਊਨ) ਦੀ ਅਚਾਨਕ ਹੁੱਕ ਟੁੱਟਣ ਨਾਲ 8 ਡੱਬੇ ਪਾਵਰ ਨਾਲ ਅੱਗੇ ਨਿਕਲ ਗਏ ਅਤੇ 14 ਪਿੱਛੇ ਰਹਿ ਗਏ। ਟਰੇਨ ਦੇ ਕੁੱਲ 22 ਡੱਬੇ ਸਨ ਅਤੇ ਟਰੇਨ ਵਿਚ ਵੱਡੀ ਗਿਣਤੀ ਵਿਚ ਯਾਤਰੀ ਸਵਾਰ ਸਨ। ਇਹ ਹਾਦਸਾ ਸੋਮਵਾਰ ਰਾਤੀਂ ਲਗਭਗ 10.30 ਵਜੇ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਵਾਪਰਿਆ, ਜਿਸ ਨਾਲ ਯਾਤਰੀਆਂ ਵਿਚ ਤਰਥੱਲੀ ਮਚ ਗਈ।
ਇਹ ਵੀ ਪੜ੍ਹੋ- ਫਗਵਾੜਾ 'ਚ ਦੇਰ ਰਾਤ ਹੋਈ ਫਾਇਰਿੰਗ, ਇਲਾਕੇ 'ਚ ਫੈਲੀ ਦਹਿਸ਼ਤ
ਸੂਚਨਾ ਮਿਲਦੇ ਹੀ ਰੇਲਵੇ ਪੁਲਸ ਚੌਕੀ ਜਲੰਧਰ ਕੈਂਟ ਦੇ ਇੰਚਾਰਜ ਸਬ-ਇੰਸਪੈਕਟਰ ਸੁਖਵਿੰਦਰ ਸਿੰਘ, ਐੱਚ. ਸੀ. ਗੁਰਦੀਪ ਸਿੰਘ ਅਤੇ ਆਰ. ਪੀ. ਐੱਫ. ਦੇ ਥਾਣਾ ਕੈਂਟ ਇੰਚਾਰਜ ਇੰਸ. ਇੰਦਰਜੀਤ ਸਿੰਘ ਹੋਰ ਪੁਲਸ ਮੁਲਾਜ਼ਮਾਂ ਨਾਲ ਮੌਕੇ ’ਤੇ ਪਹੁੰਚ ਗਏ। ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜੇਕਰ ਹੁੱਕ ਟੁੱਟਣ ਸਬੰਧੀ ਪਤਾ ਨਾ ਲੱਗਦਾ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਉਨ੍ਹਾਂ ਦੱਸਿਆ ਕਿ ਪਾਵਰ ਸਮੇਤ ਟਰੇਨ ਦੇ 8 ਡੱਬੇ ਕੈਂਟ ਸਟੇਸ਼ਨ ਤੋਂ 50 ਮੀਟਰ ਦੀ ਦੂਰੀ ’ਤੇ ਦਕੋਹਾ ਰੇਲਵੇ ਸਟੇਸ਼ਨ ਨੇੜੇ ਪਹੁੰਚ ਗਏ ਸਨ। ਉਨ੍ਹਾਂ ਨੂੰ ਵੀ ਵਾਪਸ ਕੈਂਟ ਸਟੇਸ਼ਨ ’ਤੇ ਲਿਆਂਦਾ ਗਿਆ, ਜਿਥੇ ਪਹਿਲਾਂ ਤੋਂ ਖੜ੍ਹੇ 14 ਡੱਬੇ ਇਨ੍ਹਾਂ 8 ਡੱਬਿਆਂ ਨਾਲ ਜੋੜਨ ਲਈ ਰੇਲਵੇ ਦੇ ਕਰਮਚਾਰੀਆਂ ਨੇ ਕੰਮ ਸ਼ੁਰੂ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਮੋਦੀ-ਸ਼ਾਹ ਨੂੰ ਇਕ ਦਿਨ ਕਿਸਾਨਾਂ-ਮਜ਼ਦੂਰਾਂ ਦੀ ਸ਼ਕਤੀ ਅੱਗੇ ਝੁਕਣਾ ਹੀ ਪਵੇਗਾ : ਚਢੂਨੀ
ਟਰੇਨ ਨੂੰ ਰਾਤ 1 ਵਜੇ ਤੋਂ ਬਾਅਦ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਦਿੱਲੀ ਲਈ ਰਵਾਨਾ ਕੀਤਾ ਗਿਆ। ਇੰਸ. ਇੰਦਰਜੀਤ ਨੇ ਦੱਸਿਆ ਕਿ ਇਸ ਟਰੇਨ ਦਾ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਕੋਈ ਸਟਾਪੇਜ ਨਹੀਂ ਹੈ। ਇਹ ਟਰੇਨ ਪੰਜਾਬ ਵਿਚ ਸਿਰਫ ਲੁਧਿਆਣਾ ਵਿਖੇ ਹੀ ਰੁਕਦੀ ਹੈ।