ਟੁੱਟੇ ਹੋਏ ਡਿਵਾਈਡਰ ਵਿਗਾੜ ਰਹੇ ਨੇ ਇਤਿਹਾਸਕ ਸ਼ਹਿਰ ਦੀ ਸੁੰਦਰਤਾ
Sunday, Dec 24, 2017 - 04:16 PM (IST)

ਫ਼ਰੀਦਕੋਟ (ਹਾਲੀ) - ਇੱਥੋਂ ਦੇ ਸਰਕੂਲਰ ਰੋਡ 'ਤੇ ਬਣਾਏ ਗਏ ਡਿਵਾਈਡਰ ਟੁੱਟਣ ਕਾਰਨ ਹੁਣ ਇਹ ਸ਼ਹਿਰ ਦੀ ਇਤਿਹਾਸਕ ਮਹੱਤਤਾ ਅਤੇ ਸੁੰਦਰਤਾ ਨੂੰ ਵਿਗਾੜ ਰਹੇ ਹਨ ਪਰ ਪ੍ਰਸ਼ਾਸਨ ਅਧਿਕਾਰੀਆਂ ਦਾ ਇਸ ਵੱਲ ਕੋਈ ਧਿਆਨ ਨਹੀਂ। ਹਾਲਾਂਕਿ ਸਾਰੇ ਅਧਿਕਾਰੀ ਇਸ ਸੜਕ ਰਾਹੀਂ ਇਨ੍ਹਾਂ ਟੁੱਟੇ ਹੋਏ ਡਿਵਾਈਡਰ ਕੋਲੋਂ ਲੰਘਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਡਿਵਾਈਡਰਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।
ਜਾਣਕਾਰੀ ਅਨੁਸਾਰ ਫ਼ਰੀਦਕੋਟ ਸ਼ਹਿਰ ਪੁਰਾਤਨ ਹੋਣ ਕਾਰਨ ਇਸ ਦੇ ਚਾਰੇ ਪਾਸੇ ਮਹਾਰਾਜਾ ਫ਼ਰੀਦਕੋਟ ਨੇ ਇਕ ਉੱਚੀ ਅਤੇ ਚੌੜੀ ਦੀਵਾਰ ਬਣਾਈ ਹੋਈ ਸੀ, ਜਿਸ ਨੂੰ ਹੌਲੀ-ਹੌਲੀ ਸਮਾਂ ਆਉਣ 'ਤੇ ਢਾਹ ਦਿੱਤਾ ਗਿਆ ਜਾਂ ਕੁਝ ਸਥਾਨਾਂ ਤੋਂ ਢਹਿ ਗਈ। ਇਸ ਤੋਂ ਬਾਅਦ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਇਸ ਕੰਧ ਦੇ ਨਾਲ-ਨਾਲ ਲੱਗਦੀ ਸੜਕ ਨੂੰ ਚੌੜਾ ਕਰ ਕੇ ਸਰਕੂਲਰ ਰੋਡ ਬਣਾ ਦਿੱਤਾ ਗਿਆ। ਜੁਬਲੀ ਸਿਨੇਮਾ ਚੌਕ ਤੋਂ ਭਾਈ ਘਨ੍ਹੱਈਆ ਚੌਕ ਤੱਕ ਉੱਚੇ ਅਤੇ ਨਵੇਂ ਡਿਵਾਈਡਰ ਬਣਾਏ ਗਏ, ਜਦਕਿ ਅਮਰਜੀਤ ਸਿੰਘ ਬਾਸੀ ਚੌਕ ਤੋਂ ਕੰਮੇਆਣਾ ਗੇਟ, ਨਿਊ ਮਾਡਲ ਸਕੂਲ, ਗਾਂਧੀ ਸਕੂਲ ਤੋਂ ਨਹਿਰੂ ਸ਼ਾਪਿੰਗ ਸੈਂਟਰ ਤੱਕ ਨੀਵਾਂ ਪਰ ਚੌੜਾ ਡਿਵਾਈਡਰ ਬਣਾਇਆ ਗਿਆ, ਜਦਕਿ ਨਹਿਰੂ ਸ਼ਾਪਿੰਗ ਸੈਂਟਰ ਤੋਂ ਭਾਈ ਘਨ੍ਹੱਈਆ ਚੌਕ ਤੱਕ ਕੰਧ ਰੂਪੀ ਡਿਵਾਈਡਰ ਬਣਾ ਕੇ ਸੜਕ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ।
ਸਰਕੂਲਰ ਰੋਡ 'ਤੇ ਕੀਤੇ ਗਏ ਸਰਵੇਖਣ ਵਿਚ ਸਾਹਮਣੇ ਆਇਆ ਕਿ ਕੰਮੇਆਣਾ ਗੇਟ ਤੋਂ ਅਮਰਦੀਪ ਬਾਸੀ ਚੌਕ ਤੱਕ ਅਤੇ ਦੂਜੇ ਪਾਸੇ ਨਿਊ ਮਾਡਲ ਸਕੂਲ ਤੱਕ ਡਿਵਾਈਡਰ 'ਤੇ ਜਗ੍ਹਾ-ਜਗ੍ਹਾ ਆਵਾਰਾ ਪਸ਼ੂ ਖੜ੍ਹੇ ਅਤੇ ਸੁੱਤੇ ਦਿਖਾਈ ਦਿੰਦੇ ਹਨ। ਇਹ ਪਸ਼ੂ ਡਿਵਾਈਡਰਾਂ 'ਤੇ ਲਾਏ ਗਏ ਦਰੱਖਤਾਂ ਅਤੇ ਟ੍ਰੀ ਗਾਰਡਾਂ ਦਾ ਵੀ ਨੁਕਸਾਨ ਕਰ ਰਹੇ ਹਨ। ਅਮਰ ਆਸ਼ਰਮ ਦੇ ਸਾਹਮਣੇ ਪਿਛਲੇ ਕਈ ਦਿਨਾਂ ਤੋਂ ਡਿਵਾਈਡਰ ਨੂੰ ਤੋੜ ਦਿੱਤਾ ਗਿਆ ਸੀ ਪਰ ਇਸ ਨੂੰ ਬਣਾਉਣ ਦੀ ਬਜਾਏ, ਸਿਰਫ਼ ਇੱਟਾਂ ਉੱਥੇ ਉਸੇ ਤਰ੍ਹਾਂ ਦੁਬਾਰਾ ਰੱਖੀਆਂ ਗਈਆਂ ਹਨ ਅਤੇ ਉਸ ਨੂੰ ਬਣਾਉਣ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਲੋਕਾਂ ਨੇ ਮੰਗ ਕੀਤੀ ਕਿ ਸ਼ਹਿਰ ਦੀ ਇਤਿਹਾਸਕ ਮਹੱਤਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਇਨ੍ਹਾਂ ਡਿਵਾਈਡਰਾਂ ਨੂੰ ਵਧੀਆ ਤਰੀਕੇ ਨਾਲ ਮੁਰੰਮਤ ਕਰ ਕੇ ਬਣਾਇਆ ਜਾਵੇ।
ਕੀ ਕਹਿੰਦੇ ਹਨ ਅਧਿਕਾਰੀ
ਨਗਰ ਕੌਂਸਲ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਡਿਵਾਈਡਰ ਦੇ ਤੋੜੇ ਜਾਣ ਦੀ ਜਾਂਚ ਕਰਨਗੇ ਅਤੇ ਇਸ ਦੀ ਮੁਰੰਮਤ ਵੀ ਜਲਦ ਕੀਤੀ ਜਾਵੇਗੀ।