ਪੰਜਾਬ ''ਚ ਰੂਹ ਕੰਬਾਊ ਸੜਕ ਹਾਦਸਾ, ਵਿਅਕਤੀ ਦੇ ਸ਼ਰੀਰ ਦੇ ਹੋਏ ਦੋ ਹਿੱਸੇ
Tuesday, May 13, 2025 - 03:05 AM (IST)

ਸੁਲਤਾਨਪੁਰ ਲੋਧੀ (ਧੀਰ, ਸੋਢੀ) - ਸੁਲਤਾਨਪੁਰ ਲੋਧੀ-ਡਡਵਿੰਡੀ ਮਾਰਗ ’ਤੇ ਫਾਟਕ ਨਜ਼ਦੀਕ ਇਕ ਤੇਜ਼ ਰਫਤਾਰ ਕਾਰ ਨੇ ਸੜਕ ਦੇ ਕਿਨਾਰੇ ਖਰਬੂਜ਼ਾ ਵੇਚਣ ਵਾਲੇ ਲੋੜਵੰਦ ਵਿਅਕਤੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਕਾਰ ਵੀ ਬੇਕਾਬੂ ਹੋ ਕੇ ਸੜਕ ਦੇ ਕੰਢੇ ਕਿੱਕਰ ਦੇ ਦਰੱਖਤ ਨਾਲ ਜਾ ਟਕਰਾਈ ਤੇ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।
ਸੜਕ ਹਾਦਸਾ ਇੰਨਾ ਕੁ ਭਿਆਨਕ ਤੇ ਦਿਲ ਕੰਬਾਊ ਸੀ ਕਿ ਖਰਬੂਜ਼ਾ ਵੇਚਣ ਵਾਲੇ ਦੀ ਇਕ ਲੱਤ ਸਰੀਰ ਤੋਂ ਵੱਖ ਹੋ ਕੇ 300 ਮੀਟਰ ਦੂਰੀ ’ਤੇ ਜਾ ਡਿੱਗੀ ਅਤੇ ਹਾਦਸੇ ਤੋਂ ਬਾਅਦ ਕਾਰ ਦਾ ਸਾਰਾ ਇੰਜਣ ਹੀ ਬਾਹਰ ਨਿਕਲ ਕੇ ਖਿਲਰ ਗਿਆ।
ਜਾਣਕਾਰੀ ਅਨੁਸਾਰ ਪਿੰਡ ਤੋਤੀ ਵਾਸੀ ਜੁਗਰਾਜ ਸਿੰਘ ਪੁੱਤਰ ਗੁਰਬਚਨ ਸਿੰਘ ਡਡਵਿੰਡੀ ਭੌਰ ਰੇਲਵੇ ਫਾਟਕ ਦੇ ਨਜ਼ਦੀਕ ਖਰਬੂਜ਼ੇ ਤੇ ਤਰਬੂਜ਼ ਵੇਚ ਕੇ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਸ਼ਾਮ ਕਰੀਬ 4 ਵਜੇ ਇਕ ਤੇਜ਼ ਰਫਤਾਰ ਸਵਿਫਟ ਜਿਸ ਨੂੰ ਮੁਮਰਾਜ ਪੁੱਤਰ ਕੁਲਦੀਪ ਚੰਦ ਵਾਸੀ ਫਰੀਦ ਸਰਾਏ ਚਲਾ ਕੇ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਨੂੰ ਜਾ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰ ਗਿਆ ਹਾਦਸੇ ਦੀ ਖਬਰ ਸੁਣਦੇ ਹੀ ਆਸ-ਪਾਸ ਦੇ ਪਿੰਡਾਂ ਦੇ ਵਾਸੀ ਦੌੜੇ ਆਏ।
ਉਨ੍ਹਾਂ ਵੇਖਿਆ ਕਿ ਖਰਬੂਜ਼ਾ ਵਿਕ੍ਰੇਤਾ ਜੁਗਰਾਜ ਸਿੰਘ ਜਿਸ ਦਾ ਐਕਸੀਡੈਂਟ ਹੋਣ ਤੋਂ ਬਾਅਦ ਲੱਤ ਸਰੀਰ ਤੋਂ ਅਲੱਗ ਹੋ ਗਈ ਅਤੇ ਕਾਰ ਚਾਲਕ ਵੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਸਾਹ ਲੈ ਰਿਹਾ ਸੀ, ਜਿਸ ਨੂੰ ਪੁਲਸ ਦੀ ਸੜਕ ਸੁਰੱਖਿਆ ਵਾਲੀ ਗੱਡੀ ’ਚ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ, ਜਿੱਥੇ ਪਤਾ ਲੱਗਾ ਹੈ ਕਿ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਦੀ ਵੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੋਠਾਂਵਾਲਾ ਚੌਂਕੀ ਦੇ ਇੰਚਾਰਜ ਗੁਰਭੇਜ ਸਿੰਘ ਮੌਕੇ ’ਤੇ ਪੁੱਜੇ ਅਤੇ ਮ੍ਰਿਤਕ ਜੁਗਰਾਜ ਸਿੰਘ ਦੇ ਪਰਿਵਾਰਿਕ ਮੈਂਬਰਾਂ ਤੋਂ ਬਿਆਨ ਦਰਜ ਕੀਤੇ। ਏ. ਐੱਸ. ਆਈ. ਗੁਰਭੇਜ ਸਿੰਘ ਨੇ ਦੱਸਿਆ ਕਿ ਤੋਤੀ ਨਿਵਾਸੀ ਜੁਗਰਾਜ ਸਿੰਘ ਦੀ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਕਾਰ ਚਾਲਕ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿੱਥੋਂ ਦਾ ਹੈ ਪਰ ਮੌਕੇ ’ਤੇ ਹਾਜ਼ਰ ਲੋਕਾਂ ਮੁਤਾਬਿਕ ਉਸਦਾ ਨਾਂ ਮੁਮਰਾਜ ਹੈ ਅਤੇ ਉਹ ਪਿੰਡ ਫਰੀਦ ਸਰਾਏ ਦਾ ਰਹਿਣ ਵਾਲਾ ਹੈ।
ਉਨ੍ਹਾਂ ਕਿਹਾ ਕਿ ਦੋਵੇਂ ਪਾਸੇ ਬਿਆਨ ਦਰਜ ਕਰਨ ਤੋਂ ਬਾਅਦ ਜਾਂਚ ਉਪਰੰਤ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਖਰਬੂਜ਼ਾ ਵੇਚਣ ਵਾਲਾ ਜੁਗਰਾਜ ਸਿੰਘ ਬਹੁਤ ਹੀ ਲੋੜਵੰਦ ਵਿਅਕਤੀ ਹੈ ਅਤੇ ਉਸਦੇ ਦੋ ਛੋਟੇ ਬੇਟੇ ਹਨ।